Skip to main content

Gee 98News

ਲੋਕ ਸਭਾ ਹਲਕਾ ਸੰਗਰੂਰ : ਇੱਕ-ਦੂਜੇ ਦੀਆਂ ਸੇਵੀਆਂ ‘ਚ ਫੇਰ ਲੂਣ ਭੁੱਕਣਗੇ ਢਿੱਲੋਂ ਅਤੇ ਖੰਨਾ….!

–ਸਰਗਰਮੀਆਂ ਤਾਂ ਇਹੋ ਦੱਸਦੀਆਂ ਨੇ ਕਿ 36 ਦਾ ਅੰਕੜਾ ਕਾਇਮ ਹੈ
ਬਰਨਾਲਾ, 2 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਬਾਕੀ ਪਾਰਟੀਆਂ ਤੋਂ ਪਹਿਲਕਦਮੀ ਕਰਦੇ ਹੋਏ ਭਾਜਪਾ ਦੇ ਵੱਲੋਂ ਟਿਕਟ ਦੇ ਚਾਹਾਵਾਨਾਂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ । ਉੰਝ ਤਾਂ ਭਾਵੇਂ ਜਿਮਨੀ ਚੋਣ ਲੜੀ ਹੋਣ ਕਰਕੇ ਕੇਵਲ ਸਿੰਘ ਢਿੱਲੋ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਸਕਦਾ ਹੈ ਪ੍ਰੰਤੂ ਅਰਵਿੰਦ ਖੰਨਾ ਦੀਆਂ ਫੇਰੀਆਂ ਵੀ ਧਿਆਨ ਖਿੱਚ ਰਹੀਆਂ ਹਨ। ਹਲਕਾ ਸੰਗਰੂਰ ਦੇ ਵੋਟਰਾਂ ਲਈ ਅਰਵਿੰਦ ਖੰਨਾ ਕੋਈ ਨਵਾਂ ਨਾਮ ਨਹੀਂ ਹੈ ਇਸ ਲਈ ਕੇਵਲ ਸਿੰਘ ਢਿੱਲੋ ਦੇ ਗਰੁੱਪ ‘ਚ ਅਰਵਿੰਦ ਖੰਨਾ ਦੀਆਂ ਫੇਰੀਆਂ ਕਾਰਨ ਸਿਆਸੀ ਘਬਰਾਹਟ ਪਾਈ ਜਾਣੀ ਸੁਭਾਵਿਕ ਹੀ ਹੈ। ਦਰਅਸਲ, ਕੇਵਲ ਸਿੰਘ ਢਿੱਲੋ ਅਤੇ ਅਰਵਿੰਦ ਖੰਨਾ ਵਿਚਕਾਰ ਕਈ ਸਾਲਾਂ ਤੋਂ 36 ਦਾ ਅੰਕੜਾ ਚੱਲਿਆ ਆ ਰਿਹਾ ਹੈ। ਕਾਂਗਰਸ ਪਾਰਟੀ ਵਿੱਚ ਹੁੰਦੇ ਹੋਏ ਵੀ ਦੋਵੇਂ ਆਗੂ ਇੱਕ ਦੂਜੇ ‘ਤੇ ਸਿਆਸੀ ਪਟਕਣੀ ਲਵਾਉਣ ਦਾ ਦੋਸ਼ ਲਗਾਉਂਦੇ ਰਹੇ ਹਨ। ਢਿੱਲੋ ਅਤੇ ਖੰਨਾ ਦੇ ਸਿਆਸੀ ਰਿਸ਼ਤੇ ਸਬੰਧੀ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਕਾਂਗਰਸ ਪਾਰਟੀ ‘ਤੇ ਇੱਕ ਵੱਡੇ ਆਗੂ ਦੀ ਰਾਏ ਪੂਰੀ ਤਰ੍ਹਾਂ ਢੁੱਕਦੀ ਹੈ ਕਿ “ਢਿੱਲੋ ਤੇ ਖੰਨਾ ਦੀ ਸਿਆਸੀ ਸ਼ਰੀਕੇਬਾਜ਼ੀ ਨੇ ਹਲਕਾ ਸੰਗਰੂਰ ‘ਚ ਕਾਂਗਰਸ ਪਾਰਟੀ ਦਾ ਸੱਤਿਆਨਾਸ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ”। ਹੁਣ ਭਾਜਪਾ ਦੇ ਜ਼ਿਲ੍ਹਾ ਆਗੂ ਭਾਵੇਂ “ਸਭ ਕੁਝ ਠੀਕ ਠਾਕ ਹੈ” ਕਹਿ ਕੇ ਆਪਣੇ ਵਰਕਰਾਂ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਇਹ ਕੰਧ ‘ਤੇ ਲਿਖਿਆ ਹੋਇਆ ਪੜ੍ਹਿਆ ਜਾ ਸਕਦਾ ਹੈ ਕਿ ਢਿੱਲੋਂ ਅਤੇ ਖੰਨਾ ਵਿਚਕਾਰ ਸਿਆਸੀ ਸ਼ਰੀਕੇਬਾਜ਼ੀ ਭਾਜਪਾ ਦੇ ਪਲੇਟਫਾਰਮ ‘ਤੇ ਵੀ ਪੂਰੀ ਤਰਾਂ ਕਾਇਮ ਹੈ।

ਪਿਛਲੇ ਦਿਨੀ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਰਵਿੰਦ ਖੰਨਾ ਦੇ ਇੱਕ ਸਮਾਗਮ ਤੋਂ ਬਾਅਦ ਪਿੰਡ ਵਿਚਲੇ ਢਿੱਲੋ ਦੇ ਨੇੜੇ ਰਹਿਣ ਵਾਲੇ ਭਾਜਪਾ ਆਗੂਆਂ ਨੇ ਪਿੰਡ ਵਿੱਚ ਉਹਨਾਂ ਨੂੰ ਦੱਸੇ-ਪੁੱਛੇ ਬਿਨਾਂ ਖੰਨਾ ਦੇ ਸਮਾਗਮ ਕਰਵਾਉਣ ‘ਤੇ ਰੱਜ ਕੇ ਭੜਾਸ ਕੱਢੀ ਸੀ ਅਤੇ ਇਸੇ ਭੜਾਸ ਨੇ ਢਿੱਲੋ ਦੇ ਬੰਦਿਆਂ ਦੀ ਸਿਆਸੀ ਘਬਰਾਹਟ ਨੂੰ ਸਪੱਸ਼ਟ ਕੀਤਾ ਹੈ। ਉੰਝ ਦਾ ਭਾਵੇਂ ਭਾਜਪਾ ਨੂੰ ਇਕ ਅਨੁਸ਼ਾਸਿਤ ਪਾਰਟੀ ਮੰਨਿਆ ਜਾਂਦਾ ਹੈ ਪ੍ਰੰਤੂ ਜੇਕਰ ਲੋਕ ਸਭਾ ਹਲਕਾ ਸੰਗਰੂਰ ਤੋਂ ਢਿੱਲੋ ਤੇ ਖੰਨਾ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲਦੀ ਹੈ ਤਾਂ ਦੋਵਾਂ ਵਿੱਚੋਂ ਚੋਣ ਲੜਨ ਵਾਲੇ ਆਗੂ ਦੀ ‘ਸਫਲਤਾ’ ਚੋਣ ਨਾ ਲੜਨ ਵਾਲੇ ਆਗੂ ਦੀ ‘ਭੂਮਿਕਾ’ ‘ਤੇ ਨਿਰਭਰ ਕਰੇਗੀ। ਕਾਂਗਰਸ ‘ਚ ਹੁੰਦੇ ਹੋਏ ਤਾਂ ਦੋਵੇਂ ਆਗੂ ਇੱਕ ਦੂਜੇ ਦੀਆਂ “ਸੇਵੀਆਂ ‘ਤੇ ਲੂਣ” ਭੁੱਕਣ ਲਈ ਮੁੱਠੀਆਂ ਭਰੀ ਰੱਖਦੇ ਸਨ ਪਰੰਤੂ ਭਾਜਪਾ ਪਲੇਟਫਾਰਮ ‘ਤੇ ਸੇਵੀਆਂ ਦੇ ਸਵਾਦ ਦੀ ਉਡੀਕ ਕਰਨੀ ਹੋਵੇਗੀ।

error: Content is protected !!