Gee 98News

ਨਗਰ ਕੌਂਸਲ ਦੀ ਪ੍ਰਧਾਨਗੀ : ਅੜੀਸਰ ਦੀਆਂ ਸੌਹਾਂ ‘ਤੇ ਅੜੇ ਕੌਂਸਲਰਾਂ ਦੀ ਕੌਣ ਭੰਨੂ ਅੜੀ…?

ਬਰਨਾਲਾ,13 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵਾਂ ਪ੍ਰਧਾਨ ਚੁਣੇ ਜਾਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ । ਸਮਰੱਥ ਅਥਾਰਿਟੀ ਵੱਲੋਂ ਇਸ ਬਾਬਤ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖੇ ਜਾਣ ਦੀਆਂ ਕਨਸੋਆਂ ਹਨ । ਭਰੋਸੇਯੋਗ ਸੂਤਰਾਂ ਅਨੁਸਾਰ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਹਫ਼ਤੇ ਪ੍ਰਧਾਨਗੀ ਲਈ ਜ਼ੋਰ ਅਜਮਾਇਸ਼ ਹੋ ਸਕਦੀ ਹੈ। ਉਂਝ ਤਾਂ ਭਾਵੇਂ ਸੱਤਾ ਦੇ ਜ਼ੋਰ ‘ਤੇ ਕੁਝ ਵੀ ਹੋ ਸਕਦਾ ਹੈ ਪਰ ਜੇਕਰ ਕੌਂਸਲਰ ਦੀਆਂ ਗਿਣਤੀਆਂ-ਮਿਣਤੀਆਂ ਦੇ ਆਧਾਰ ‘ਤੇ ਵੇਖਿਆ ਜਾਵੇ ਤਾਂ ਮੌਜੂਦਾ ਹਾਲਾਤਾਂ ਵਿੱਚ ਸੱਤਾਧਾਰੀਆਂ ਲਈ ਇਹ ਟੀਸੀ ਦਾ ਬੇਰ ਤੋੜਨਾ ਸੌਖਾ ਨਹੀਂ ਰਹੇਗਾ । ਨਗਰ ਕੌਸਲ ਦੀ ਪ੍ਰਧਾਨਗੀ ਦੀ ਚੋਣ ਸਮੇਂ ਸੱਤਾਧਾਰੀਆਂ ਦੇ ਰਾਹ ਵਿੱਚ ਪਿੰਡ ਹੰਡਿਆਇਆ ਦਾ ਵਿਸ਼ਵ ਪ੍ਰਸਿੱਧ ਗੁਰਦੁਆਰਾ “ਅੜੀਸਰ ਸਾਹਿਬ” ਵੀ ਅੜਿੱਕਾ ਬਣ ਸਕਦਾ ਹੈ। ਸੂਤਰਾਂ ਅਨੁਸਾਰ ਗੁਰਜੀਤ ਸਿੰਘ ਔਲਖ ਦੀ ਮਦਦ ਕਰਨ ਵਾਲੇ ਕੌਂਸਲਰਾਂ ਨੇ ਗੁਰਦੁਆਰਾ ਅੜੀਸਰ ਜਾ ਕੇ ਸਹੁੰ ਖਾਧੀ ਸੀ । ਇਹ ਵੀ ਵੇਖਣਯੋਗ ਹੋਵੇਗਾ ਕਿ ਸੱਤਾ ਦਾ ਡੰਡਾ ਅੜੀਸਰ ਜਾ ਕੇ ਸੌਹਾਂ ਖਾਣ ਵਾਲੇ ਕੌਂਸਲਰਾਂ ਦੀ ਅੜੀ ਕਿਵੇਂ ਭੰਨਦਾ ਹੈ ਜਾਂ ਫਿਰ ਇਹ ਕੌਂਸਲਰ ਅੜੀਸਰ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਆਪਣੀ ਅੜੀ ‘ਤੇ ਅੜ੍ਹੇ ਰਹਿਣਗੇ। ਇਸ ਗੱਲ ਤੋਂ ਸੱਤਾ ਪੱਖ ਵਾਲੇ ਵੀ ਬਾਖ਼ੂਬੀ ਜਾਣੂ ਨੇ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਬਰਨਾਲਾ ਕਲੱਬ ਦੀ ਸਰਦਾਰੀ ‘ਤੇ ਕਬਜ਼ਾ ਸੌਖਾ ਹੋ ਗਿਆ ਸੀ ਪ੍ਰੰਤੂ ਨਗਰ ਕੌਂਸਲ ਦੀ ਚੌਧਰ ਕਾਨੂੰਨੀ ਦਾਅ ਪੇਚਾਂ ਵਿੱਚ ਵੀ ਫਸਣ ਦੀ ਸੰਭਾਵਨਾ ਬਣੀ ਹੋਈ ਹੈ। ਸਭ ਦੀਆਂ ਨਜ਼ਰਾਂ ਤੇਜ਼ ਤਰਾਰ ਨੌਜਵਾਨ ਮੰਤਰੀ ਉੱਪਰ ਟਿੱਕੀਆਂ ਹੋਈਆਂ ਹਨ ਕਿ ਉਹ ਪ੍ਰਧਾਨਗੀ ਦੀ ਚੋਣ ਦੇ ਮਾਮਲੇ ਵਿੱਚ ਚਾਣਕਿਆਂ ਗੋਟੀਆਂ ਫਿੱਟ ਕਰਨਗੇ ਜਾਂ ਫਿਰ ਅੜੀਸਰ ਸਾਹਿਬ ਦੀ ਮਾਣ ਮਰਿਆਦਾ ‘ਤੇ ਕੁਰਸੀ ਦੀ ਲਾਲਸਾ ਭਾਰੂ ਪੈ ਜਾਵੇਗੀ । ਅੰਦਰਲੇ ਹਾਲਾਤ ਕੁਝ ਇਹੋ ਜਿਹੇ ਵੀ ਬਣੇ ਹੋਏ ਹਨ ਕਿ ਜਿਹੜੇ ਕੌਂਸਲਰਾਂ ਦੀ ਵੋਟ ‘ਤੇ ਪ੍ਰਧਾਨਗੀ ਦਾ ਦਾਰੋਮਦਾਰ ਟਿਕਿਆ ਹੋਇਆ ਹੈ,ਉਹਨਾਂ ਦੇ ਵਾਰਡਾਂ ਦੇ ਵੋਟਰ ਵੀ ਸਾਰੇ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਨ।

error: Content is protected !!