-Gee98 news service
ਚੰਡੀਗੜ੍ਹ,17 ਨਵੰਬਰ- (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਰਕਾਰ ਦਰਮਿਆਨ ਰੇੜਕੇ ਦਾ ਕਾਰਨ ਬਣੇ ਵਿਧਾਨ ਸਭਾ ਦੇ ਬਜਟ ਇਸਲਾਸ ਨੂੰ ਪੱਕੇ ਤੌਰ ‘ਤੇ ਉਠਾ ਦਿੱਤਾ ਗਿਆ ਹੈ। ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ‘ਤੇ ਬਜਟ ਇਜਲਾਸ ਨੂੰ ਪੱਕੇ ਤੌਰ ‘ਤੇ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸਰਕਾਰ ਨੇ ਬਜਟ ਇਜਲਾਸ ਨੂੰ ਪੱਕੇ ਤੌਰ ‘ਤੇ ਉਠਾਉਣ ਦੀ ਬਜਾਏ ਮੁਲਤਵੀ ਹੀ ਕੀਤਾ ਸੀ ਅਤੇ ਉਸ ਤੋਂ ਬਾਅਦ ਵੀ ਸੈਸ਼ਨ ਦੀਆਂ ਦੋ ਵਾਰ ਬੈਠਕਾਂ ਬੁਲਾਈਆਂ ਸਨ ਜਿਨਾਂ ‘ਤੇ ਗਵਰਨਰ ਨੇ ਇਤਰਾਜ਼ ਕਰਦੇ ਹੋਏ ਗੈਰ ਕਾਨੂੰਨੀ ਕਿਹਾ ਸੀ, ਗਵਰਨਰ ਨੇ ਬਜਟ ਇਜਲਾਸ ਨੂੰ ਅੱਗੇ ਵਧਾ ਕੇ ਇਸ ਵਿੱਚ ਪਾਸ ਕੀਤੇ ਬਿੱਲਾਂ ਉੱਪਰ ਦਸਤਖ਼ਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ ਸੀ। ਇਸ ਦੌਰਾਨ ਰਾਜਪਾਲ ਨੇ ਕੁਝ ਬਿੱਲਾਂ ਉੱਪਰ ਦਸਤਖ਼ਤ ਕਰ ਵੀ ਦਿੱਤੇ ਸਨ । ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਜਿੱਥੇ ਪੰਜਾਬ ਦੇ ਗਵਰਨਰ ਨੂੰ ਵੀ ਝਾੜ ਪਾਈ ਉੱਥੇ ਪੰਜਾਬ ਸਰਕਾਰ ਤੋਂ ਬਜਦ ਇਜਲਾਸ ਨੂੰ ਐਨਾ ਲੰਮਾ ਜਾਰੀ ਰੱਖਣ ਦਾ ਠੋਸ ਕਾਰਨ ਵੀ ਪੁੱਛਿਆ ਸੀ, ਦਰਅਸਲ ਪੰਜਾਬ ਸਰਕਾਰ ਇਸੇ ਪੁਆਇੰਟ ‘ਤੇ ਗਲਤ ਸੀ ਕਿ ਉਹ ਬਜਟ ਇਜਲਾਸ ਨੂੰ ਬਿਨਾਂ ਕਿਸੇ ਕਾਰਨ ਤੋਂ ਲੰਮਾ ਖਿੱਚ ਕੇ ਲਿਜਾ ਰਹੀ ਸੀ ਅਤੇ ਗਵਰਨਰ ਇਤਰਾਜ਼ ਕਰ ਰਹੇ ਸਨ ਕਿ ਪਹਿਲਾਂ ਨਿਯਮਾਂ ਅਨੁਸਾਰ ਬਜਟ ਇਜਲਾਸ ਨੂੰ ਖਤਮ ਕੀਤਾ ਜਾਵੇ ਅਤੇ ਫਿਰ ਨਵਾਂ ਇਜਲਾਸ ਬੁਲਾ ਕੇ ਉਸ ਵਿੱਚ ਬਿੱਲ ਪਾਸ ਕੀਤੇ ਜਾਣ । ਪੰਜਾਬ ਸਰਕਾਰ ਵੱਲੋਂ ਬਜਟ ਇਜਲਾਸ ਨੂੰ ਨਿਯਮਾਂ ਅਨੁਸਾਰ ਪੱਕੇ ਤੌਰ ‘ਤੇ ਉਠਾਉਣ ਦੀ ਬਜਾਏ ਇਸ ਦੀਆਂ ਬੈਠਕਾਂ ਨੂੰ ਅੱਗੇ ਵਧਾਉਣ ਨੂੰ ਹੀ ਰਾਜਪਾਲ ਗ਼ੈਰ ਕਾਨੂੰਨੀ ਦੱਸ ਰਹੇ ਸਨ। ਸੁਪਰੀਮ ਕੋਰਟ ਦੇ ਕਹਿਣ ‘ਤੇ ਹੀ ਪੰਜਾਬ ਸਰਕਾਰ ਨੇ ਬਜਟ ਇਜਲਾਸ ਨੂੰ ਪੱਕੇ ਤੌਰ ‘ਤੇ ਉਠਾਉਣ ਦੀ ਰਾਜਪਾਲ ਕੋਲ ਸਿਫਾਰਿਸ਼ ਕੀਤੀ ਸੀ। ਵੈਸੇ ਵੀ ਪੰਜਾਬ ਸਰਕਾਰ ਨੂੰ ਬਜਟ ਇਜਲਾਸ ਨੂੰ ਪੱਕੇ ਤੌਰ ‘ਤੇ ਉਠਾਉਣਾ ਹੀ ਪੈਣਾ ਸੀ ਕਿਉਂਕਿ ਸਰਦ ਰੁੱਤ ਇਜਲਾਸ ਬੁਲਾਉਣ ਦੇ ਲਈ ਅਜਿਹਾ ਕਰਨਾ ਜ਼ਰੂਰੀ ਸੀ। ਹੁਣ ਪੰਜਾਬ ਸਰਕਾਰ ਲਈ ਸਰਦ ਰੁੱਤ ਇਜਲਾਸ ਬੁਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਜੋ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਬੁਲਾਇਆ ਜਾ ਸਕਦਾ ਹੈ। ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਦਰਮਿਆਨ ਕੁੜੱਤਣ ਐਨੀ ਵੱਧ ਗਈ ਸੀ ਕਿ ਰਾਜਪਾਲ ਨੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਵੀ ਬੰਦ ਕਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਬਦਲਦੇ ਹਾਲਾਤਾਂ ਵਿੱਚ ਰਾਜਪਾਲ ਅਤੇ ਸਰਕਾਰ ਦੇ ਦਰਮਿਆਨ ਸਬੰਧ ਕੁਝ ਸੁਖਾਵੇਂ ਬਣਨਗੇ।






