ਚੰਡੀਗੜ੍ਹ, 02 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਪਸੀ ਬਿਆਨਬਾਜ਼ੀ ਵਿੱਚ ਸ਼ਬਦਾਂ ਦੀ ਮਰਿਯਾਦਾ ਲੰਘਦੇ ਜਾ ਰਹੇ ਹਨ । ਸ਼ੁੱਕਰਵਾਰ ਚੰਡੀਗੜ੍ਹ ‘ਚ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ ਭਗਵੰਤ ਮਾਨ ਨੇ ਮਜੀਠੀਆ ਦੇ ਖ਼ਾਨਦਾਨ ਨੂੰ “ਘੋੜਾ ਚੋਰ” ਤੱਕ ਕਹਿ ਦਿੱਤਾ । ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮਜੀਠੀਆ ਸਿਰਫ ਸੁਖਬੀਰ ਬਾਦਲ ਦਾ “ਸਾਲਾ” ਹੈ ਜਦ ਕਿ ਉਸ ਦੀ ਆਪਣੀ ਕੋਈ ਕੁਆਲਿਟੀ ਨਹੀਂ ਹੈ। ਸਿਆਸੀ ਬਿਆਨਬਾਜੀ ਵਿੱਚ ਭਗਵੰਤ ਮਾਨ ਵੱਲੋਂ ਰਿਸ਼ਤਿਆਂ ਨੂੰ ਖਿੱਚਣ ਤੋਂ ਬਾਅਦ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਇਕੱਠਿਆਂ ਪ੍ਰੈਸ ਕਾਨਫਰੰਸ ਵਾਲੀ ਗੱਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਆਪਣੀ ਧੀ ਨਾਲ ਹੀ ਇਕੱਠੇ ਬੈਠ ਕੇ 2 ਗੱਲਾਂ ਬੋਲ ਕੇ ਦਿਖਾ ਦੇਣ, ਜਿਹੜਾ ਆਪਣੇ ਬੱਚਿਆਂ ਦਾ ਨਹੀਂ ਹੋਇਆ, ਉਹ ਸਾਨੂੰ ਸਲਾਹਾਂ ਦੇਵੇਗਾ। ਮਜੀਠੀਆ ਨੇ ਇਹ ਵੀ ਕਿਹਾ, ‘ਤੂੰ ਸਾਡਾ ਫਿਕਰ ਘੱਟ ਕਰ ਪਰ ਇੰਨੀ ਤਸੱਲੀ ਹੋ ਗਈ ਕਿ ਤੇਰੇ ਦਿਲ ‘ਤੇ ਠਾਅ ਕਰਕੇ ਵੱਜੀ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਵੰਡਦਿਆਂ ਹੋਇਆਂ ਵੀ ਤੇਰੇ ਦਿਮਾਗ ‘ਤੇ ਮਜੀਠੀਆ ਦਾ ਇੰਨਾ ਅਸਰ ? ਸੁਪਨੇ ‘ਚ ਤੇਰੇ ਮਜੀਠੀਆ ਹੀ ਆਉਂਦਾ,ਤੇਰੀਆਂ ਦੌੜਾਂ ਮੈਂ ਲਵਾਓ..ਛਾਤੀ ‘ਤੇ ਚੜ੍ਹੂ ਤੇਰੀ.. ਤੇਰੀਆਂ ਹਰਕਤਾਂ ਬੇਨਕਾਬ ਕਰੂ, ਤੇਰੇ ਪੁੱਠੇ ਕਾਰਨਾਮਿਆਂ ਦਾ ਖੁਲਾਸਾ ਕਰੂ।’ ਇਸ ਮੌਕੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਉੱਤੇ ਵੀ ਸ਼ਬਦੀ ਵਾਰ ਕੀਤੇ। ਸਿਆਸੀ ਨੇਤਾਵਾਂ ਵੱਲੋਂ ਰਾਜਨੀਤੀ ਵਿੱਚ ਪਰਿਵਾਰਕ ਰਿਸ਼ਤਿਆਂ ਨੂੰ ਖਿੱਚਣ ਤੋਂ ਪੰਜਾਬ ਦੇ ਲੋਕ ਸਿਰਫ ਹੈਰਾਨ ਹੀ ਨਹੀਂ ਹਨ ਵਰਗੇ ਆਮ ਲੋਕ ਤਾਂ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਇਹ ਰਾਜਨੀਤੀ ਦਾ ਹੇਠਲਾ ਸਿਰਾ ਹੈ ਜਿਥੇ ਸਿਰਫ਼ ਜੁਮਲਿਆਂ ਨਾਲ ਪੰਜਾਬ ਦੀਆਂ ਮੌਜੂਦਾ ਦੌਰ ਦੀਆਂ ਵੱਡੀਆਂ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਦਾ ਇੱਕ ਵੱਡਾ ਹਿੱਸਾ ਇਸ ਗੱਲੋਂ ਵੀ ਹੈਰਾਨ ਹੈ ਕਿ ਭਗਵੰਤ ਮਾਨ ਵੱਲੋਂ ਬਤੌਰ ਮੁੱਖ ਮੰਤਰੀ ਸਰਕਾਰੀ ਸਟੇਜਾਂ ਨੂੰ ਆਪਣੇ ਸਿਆਸੀ ਵਿਰੋਧੀਆਂ ‘ਤੇ ਸ਼ਬਦੀ ਵਾਰ ਕਰਨ ਲਈ ਪਹਿਲਾਂ ਦੇ ਮੁੱਖ ਮੰਤਰੀਆਂ ਤੋਂ ਜ਼ਿਆਦਾ ਵਰਤਿਆ ਜਾ ਰਿਹਾ ਹੈ।