ਚੰਡੀਗੜ੍ਹ, 01 ਦਸੰਬਰ-ਗੰਨੇ ਦੇ ਰੇਟ ਵਿੱਚ ਵਾਧੇ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਗੰਨੇ ਦੇ ਰੇਟ ਵਿੱਚ ਵਾਧੇ ਦਾ “11 ਰੁਪਏ ਦਾ ਸ਼ਗਨ” ਰੱਦ ਕਰ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਨੇ ਜਲੰਧਰ ਪਠਾਨਕੋਟ ਮੁੱਖ ਮਾਰਗ ‘ਤੇ ਮੁਕੇਰੀਆਂ ਗੰਨਾ ਮਿੱਲ ਗੇਟ ਦੇ ਸਾਹਮਣੇ ਧਰਨਾ ਲਗਾ ਦਿੱਤਾ। ਮੁੱਖ ਮਾਰਗ ‘ਤੇ ਧਰਨਾ ਲੱਗਣ ਤੋਂ ਬਾਅਦ ਦੋਵੇਂ ਪਾਸੇ ਵਹੀਕਲਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੌਕੇ ‘ਤੇ ਹਾਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਮਝਾਉਣ ਦੇ ਯਤਨ ਜਾਰੀ ਹਨ। ਇਸ ਮੌਕੇ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਸਿਆਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਗੰਨੇ ਦੇ ਰੇਟ ਨਹੀਂ ਵਧਾਏ ਸਗੋਂ ਮੁੱਖ ਮੰਤਰੀ ਨੇ 11 ਰੁਪਏ ਦਾ ਸ਼ਗਨ ਕਹਿ ਕੇ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨ ਸ਼ਗਨ ਨਹੀਂ ਸਗੋਂ ਆਪਣੀ ਮਿਹਨਤ ਦਾ ਵਾਜਿਬ ਮੁੱਲ ਮੰਗ ਰਹੇ ਹਨ । ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਗੰਨੇ ਦਾ ਰੇਟ ਵਾਜਬ ਪੱਧਰ ‘ਤੇ ਨਹੀਂ ਵਧਾਇਆ ਜਾਂਦਾ, ਬੰਦ ਹੋਈਆਂ ਮਿੱਲਾਂ ਚਾਲੂ ਨਹੀਂ ਕੀਤੀਆਂ ਜਾਂਦੀਆਂ ਅਤੇ ਸਰਕਾਰ ਇਸ ਸਬੰਧੀ ਜਲਦੀ ਨੋਟੀਫਿਕੇਸ਼ਨ ਨਹੀਂ ਕਰਦੀ ਤਾਂ ਸੰਘਰਸ਼ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਰੇਲਵੇ ਟਰੈਕ ਵੀ ਜਾਮ ਕੀਤਾ ਜਾਵੇਗਾ। ਦੂਜੇ ਪਾਸੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੰਨੇ ਦੇ ਰੇਟ ਵਿੱਚ ਵਾਧੇ ਨੂੰ ਸ਼ਗਨ ਕਹੇ ਜਾਣ ਦੀ ਆਲੋਚਨਾ ਕੀਤੀ ਹੈ।








