ਚੰਡੀਗੜ੍ਹ, 2 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਆਪਣੇ ਪਰਿਵਾਰ ਸੰਬੰਧੀ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਮਜੀਠੀਆ ‘ਤੇ ਤਿੱਖੇ ਹਮਲੇ ਕੀਤੇ ਹਨ। ਐਮਪੀ ਬਿੱਟੂ ਨੇ ਮਜੀਠੀਆ ਨੂੰ ਚੈਲਿੰਜ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਵਿੱਚ ਹਿੰਮਤ ਹੈ ਤਾਂ ਉਹ ਆਪਣੀ ਜੀਜੇ ਸੁਖਬੀਰ ਸਿੰਘ ਬਾਦਲ ਅਤੇ ਸਾਰੇ ਪਰਿਵਾਰ ਸਮੇਤ ਲੁਧਿਆਣਾ ਤੋਂ ਚੋਣ ਲੜਕੇ ਦੇਖ ਲੈਣ। ਐਮਪੀ ਬਿੱਟੂ ਨੇ ਕਿਹਾ ਕਿ ਉਹ ਆਪਣੇ ਦਾਦਾ ਬੇਅੰਤ ਸਿੰਘ ਵੱਲੋਂ ਦਿੱਤੀ ਸਿੱਖਿਆ ਦੇ ਅਨੁਸਾਰ ਬਜ਼ੁਰਗਾਂ ਅਤੇ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਦੀ ਇੱਜ਼ਤ ਕਰਦੇ ਆਏ ਹਨ ਪਰੰਤੂ ਮਜੀਠੀਆ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮਜੀਠੀਆ ਰੋਜ਼ਾਨਾ ਉਹਨਾਂ ਦੇ ਪਰਿਵਾਰ ‘ਤੇ ਕੋਈ ਨਾ ਕੋਈ ਟਿੱਪਣੀ ਕਰਦੇ ਹਨ । ਰਵਨੀਤ ਸਿੰਘ ਬਿੱਟੂ ਨੇ ਬਿਕਰਮ ਮਜੀਠੀਆ ਪ੍ਰਤੀ ਸਖ਼ਤ ਤੋਂ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਗੱਡੀਆਂ ਦੇ ਪਿੱਛੇ ਭੱਜਣ ਵਾਲੇ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੁੰਦੀ ਹੈ ਉਸੇ ਤਰ੍ਹਾਂ ਮਜੀਠੀਆ ਨੂੰ ਵੀ ਆਦਤ ਬਣ ਗਈ ਹੈ। ਐਮਪੀ ਬਿੱਟੂ ਨੇ ਕਿਹਾ ਕਿ ਜਦੋਂ ਤੋਂ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਹਨ ਉਹਨਾਂ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ ਅਤੇ ਉਹ ਕਿਸੇ ਨਾ ਕਿਸੇ ਪਰਿਵਾਰ ‘ਤੇ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਹਨ। ਐਮਪੀ ਬਿੱਟੂ ਨੇ ਕਿਹਾ ਕਿ ਮਜੀਠੀਆ ਦੀ ਸੁਖਬੀਰ ਬਾਦਲ ਦੇ ਸਾਲੇ ਹੋਣ ਤੋਂ ਇਲਾਵਾ ਕੋਈ ਪਹਿਚਾਣ ਨਹੀਂ ਅਤੇ ਨਾ ਹੀ ਉਹਨਾਂ ਦੀ ਪੰਜਾਬ ਨੂੰ ਕੋਈ ਦੇਣ ਹੈ ਬੱਸ ਚਿੱਟੇ ਦੇ ਨਸ਼ੇ ਦੀ ਇੱਕ ਦੇਣ ਉਹਨਾਂ ਨੇ ਪੰਜਾਬ ਨੂੰ ਦਿੱਤੀ ਹੈ। ਰਵਨੀਤ ਬਿੱਟੂ ਨੇ ਬਾਦਲ ਪਰਿਵਾਰ ‘ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੜਾਵਾ ਬਾਦਲ ਪਰਿਵਾਰ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਤਹਿਸੀਲਦਾਰ ਦੀ ਡਿਊਟੀ ਲੱਗਦੀ ਹੈ ਤਾਂ ਚੜਾਵਾ 57 ਲੱਖ ਤੱਕ ਪਹੁੰਚ ਜਾਂਦਾ ਹੈ ਪਰੰਤੂ ਜਦੋਂ ਤਹਸੀਲਦਾਰ ਦੀ ਡਿਊਟੀ ਨਹੀਂ ਲੱਗਦੀ ਤਾਂ ਇਹੀ ਚੜਾਵਾ 7 ਲੱਖ ਤੱਕ ਰਹਿ ਜਾਂਦਾ ਹੈ। ਐਮਪੀ ਬਿੱਟੂ ਨੇ ਕਿਹਾ ਕਿ ਜਿਸ ਦਿਨ ਉਹਨਾਂ ਦਾ ਹੱਥ ਮਜੀਠੀਆ ਦੇ ਗਿਰੇਬਾਨ ਤੱਕ ਪਹੁੰਚ ਗਿਆ ਤਾਂ ਮਜੀਠੀਆ ਨੂੰ ਸਮਝ ਲੈਣਾ ਚਾਹੀਦਾ ਕਿ ਉਹਨਾਂ ਦਾ ਕੀ ਬਣੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੀ ਰਾਜਨੀਤੀ ‘ਚ ਅੱਜਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਕਰਮ ਸਿੰਘ ਮਜੀਠੀਆ ਸ਼ਬਦੀ ਜੰਗ ‘ਚ ਆਹਮੋ ਸਾਹਮਣੇ ਹਨ ਅਤੇ ਹੁਣ ਇਸ ਸ਼ਬਦੀ ਜੰਗ ਵਿੱਚ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਵੀ ਭਗਵੰਤ ਮਾਨ ਵਾਲੇ ਪਾਸੇ ਖੜ ਗਏ ਹਨ। ਦੂਜੇ ਪਾਸੇ ਰਾਜਨੀਤਿਕ ਹਲਕਿਆਂ ਵਿੱਚ ਬਿੱਟੂ ਵੱਲੋਂ ਮਜੀਠੀਆ ਦੀ ਤੁਲਨਾ ਕੁੱਤੇ ਨਾਲ ਕੀਤੇ ਜਾਣ ਦੀ ਚਰਚਾ ਵੀ ਹੋ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹਨਾਂ ਰਾਜਨੀਤਿਕ ਲੋਕਾਂ ਨੇ ਆਪਣੀ ਜੀਭ ਦੇ ਜਿੰਦਰੇ ਖੋਲ ਦਿੱਤੇ ਹਨ ਤਾਂ ਜੋ ਮੀਡੀਆ ਪਲੇਟਫਾਰਮ ‘ਤੇ ਇਹਨਾਂ ਦੀ ਚਰਚਾ ਹੁੰਦੀ ਰਹੇ। ਰਾਜਨੀਤਿਕ ਹਲਕਿਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਜੀਠੀਆ ਦੀ ਬਿਆਨਬਾਜ਼ੀ ਨੂੰ ਵੀ ਇਸੇ ਸੰਦਰਭ ਵਿੱਚ ਹੀ ਵੇਖਿਆ ਜਾ ਰਿਹਾ ਹੈ।






