Skip to main content

Gee 98News

ਆਟੋ ਚਾਲਕ ਨੇ ਹੀ ਕੀਤੀ ਸੀ DSP ਦੀ ਹੱਤਿਆ, DSP ਦੇ ਰਿਵਾਲਵਰ ਨਾਲ ਹੀ ਮਾਰੀ ਸੀ ਗੋਲੀ…ਦੋਸ਼ੀ ਕਾਬੂ

ਚੰਡੀਗੜ੍ਹ,3 ਜਨਵਰੀ-ਨਵੇਂ ਸਾਲ ਦੀ ਪਹਿਲੀ ਰਾਤ ਜਲੰਧਰ ‘ਚ ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਹੱਤਿਆ ਦਾ ਮਾਮਲਾ ਜਲੰਧਰ ਪੁਲਿਸ ਨੇ ਸੁਲਝਾ ਲਿਆ ਹੈ । ਸੂਤਰਾਂ ਅਨੁਸਾਰ ਜਲੰਧਰ ਪੁਲਿਸ ਨੇ ਇਸ ਮਾਮਲੇ ‘ਚ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਬੱਸ ਸਟੈਂਡ ਤੋਂ ਜਿਸ ਆਟੋ ‘ਚ ਬੈਠ ਕੇ ਡੀਐਸਪੀ ਆਪਣੇ ਘਰ ਨੂੰ ਚੱਲੇ ਸਨ ਉਸ ਆਟੋ ਦੇ ਡਰਾਈਵਰ ਨੇ ਹੀ ਡੀਐਸਪੀ ਦੇ ਸਿਰ ਵਿੱਚ ਗੋਲੀ ਮਾਰੀ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਆਟੋ ਚਾਲਕ ਨੂੰ ਪੁਲਿਸ ਨੇ ਬੁੱਧਵਾਰ ਸਵੇਰੇ ਹੀ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਅਜੇ ਡੀਐਸਪੀ ਦੀ ਪਿਸਤੌਲ ਬਰਾਮਦ ਨਹੀਂ ਹੋਈ ਜਿਸ ਸਬੰਧੀ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਤੋਂ ਆਪਣੇ ਘਰ ਨੂੰ ਜਾਣ ਸਮੇਂ ਆਟੋ ਵਿੱਚ ਬੈਠਣ ਤੋਂ ਬਾਅਦ ਡੀਐਸਪੀ ਦੀ ਆਟੋ ਚਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਇਹ ਬਹਿਸ ਹੱਥੋਂਪਾਈ ਤੱਕ ਪੁੱਜ ਗਈ ਅਤੇ ਇਸ ਦੌਰਾਨ ਆਟੋ ਚਾਲਕ ਨੇ ਡੀਐਸਪੀ ਦਾ ਰਿਵਾਲਵਰ ਖੋਹ ਕੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਨਵੇਂ ਸਾਲ ਦੇ ਪਹਿਲੇ ਸੋਮਵਾਰ ਦੀ ਸਵੇਰ ਡੀਐਸਪੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਦੀ ਹੋਈ ਇੱਕ ਢਾਬੇ ‘ਤੇ ਪੁੱਜੀ ਜਿੱਥੋਂ ਪਤਾ ਲੱਗਿਆ ਕਿ ਢਾਬੇ ‘ਤੇ ਡੀਐਸਪੀ ਨੂੰ ਆਟੋ ਚਾਲਕ ਨਾਲ ਆਖਰੀ ਵਾਰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਰਸਤੇ ਵਿੱਚ ਪੈਂਦੇ ਇੱਕ ਸ਼ਰਾਬ ਦੇ ਠੇਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਆਟੋ ਚਾਲਕ ਦੀ ਪਹਿਚਾਣ ਕੀਤੀ ਤੇ ਬੁੱਧਵਾਰ ਸਵੇਰੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਜਦ ਡੀਐਸਪੀ ਦੀ ਲਾਸ਼ ਮਿਲੀ ਤਾਂ ਸ਼ੁਰੂ ਵਿੱਚ ਪੁਲਿਸ ਇਸ ਨੂੰ ਸੜਕ ਹਾਦਸਾ ਵੀ ਮੰਨ ਰਹੀ ਸੀ ਪਰੰਤੂ ਮੌਕੇ ਤੋਂ ਮਿਲੇ ਦੋ ਕਾਰਤੂਸਾਂ ਦੇ ਖੋਲ ਪੜ੍ਹਤਾਲ ਦੌਰਾਨ ਡੀਐਸਪੀ ਦੇ ਰਿਵਾਲਵਰ ਦੇ ਹੀ ਨਿਕਲੇ, ਜਿਸ ਤੋਂ ਬਾਅਦ ਪੁਲਿਸ ਨੇ ਹੱਤਿਆ ਦੀ ਨਜ਼ਰੀਏ ਤੋਂ ਇਸ ਕੇਸ ਦੀ ਪੜ੍ਹਤਾਲ ਸ਼ੁਰੂ ਕੀਤੀ ਅਤੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕੀਤਾ।

error: Content is protected !!