Skip to main content

Gee 98News

2 ਸਰਪੰਚ ਅਤੇ ਇੱਕ ਸੈਕਟਰੀ ਲੱਖਾਂ ਰੁਪਏ ਦੇ ਗਬਨ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਕਾਬੂ, ਇੱਕ ਹੋਰ ਸੈਕਟਰੀ ਦੀ ਭਾਲ

ਚੰਡੀਗੜ੍ਹ,4 ਜਨਵਰੀ-ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਆਈ ਸਰਕਾਰੀ ਗਰਾਂਟ ਵਿੱਚ ਘਪਲੇ ਦੇ ਦੋਸ਼ਾਂ ਤਹਿਤ 2 ਸਰਪੰਚਾਂ ਤੇ 2 ਪੰਚਾਇਤਾਂ ਸੈਕਟਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ । ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਦੋ ਸਰਪੰਚਾਂ ਤੇ ਇੱਕ ਪੰਚਾਇਤ ਸਕੱਤਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ । ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬਜੀਤ ਸਿੰਘ ਸਾਬਕਾ ਸਰਪੰਚ ਪਿੰਡ ਅਲਾਲ ਜ਼ਿਲ੍ਹਾ ਸੰਗਰੂਰ ਅਤੇ ਨਰੇਸ਼ ਕੁਮਾਰ ਸਿੰਗਲਾ ਪੰਚਾਇਤ ਸਕੱਤਰ (ਸੇਵਾ ਮੁਕਤ) ਨੂੰ ਇਹਨਾਂ ਖਿਲਾਫ਼ ਸ਼ਿਕਾਇਤ ਦੀ ਪੜ੍ਹਤਾਲ ਦੌਰਾਨ ਪੰਚਾਇਤੀ ਫੰਡਾਂ ਵਿੱਚੋਂ 2 ਲੱਖ ਰੁਪਏ ਤੋਂ ਵੱਧ ਦੀ ਰਕਮ ਅਤੇ ਹੋਰ ਉਸਾਰੀ ਦੇ ਮੈਟੀਰੀਅਲ ਦਾ ਗਬਨ ਕਰਨ ਦੇ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਕਤ ਸਰਪੰਚ ਤੇ ਸੈਕਟਰੀ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਦੀ ਪਟਿਆਲਾ ਰੇਂਜ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਾਬਕਾ ਸਰਪੰਚ ਸਰਬਜੀਤ ਸਿੰਘ ਅਤੇ ਸੈਕਟਰੀ ਨਰੇਸ਼ ਸਿੰਗਲਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਇੱਕ ਹੋਰ ਵੱਖਰੇ ਕੇਸ ਵਿੱਚ ਵਿਜੀਲੈਂਸ ਬਿਊਰੋ ਨੇ ਪੜ੍ਹਤਾਲ ਦੌਰਾਨ ਜਤਿੰਦਰ ਸਿੰਘ ਸਰਪੰਚ ਪਿੰਡ ਚਾਂਦੂ ਜ਼ਿਲ੍ਹਾ ਸੰਗਰੂਰ ਅਤੇ ਪੰਚਾਇਤ ਸਕੱਤਰ ਗੁਰਮੀਤ ਸਿੰਘ ਦੇ ਖ਼ਿਲਾਫ਼ ਜਨਵਰੀ 2019 ਤੋਂ 31 ਮਾਰਚ 2022 ਤੱਕ ਪਿੰਡ ਚਾਂਦੂ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਵਿੱਚ ਕਰੀਬ 74 ਲੱਖ ਰੁਪਏ ਦੇ ਗਬਨ ਦੇ ਦੋਸ਼ੀ ਪਾਇਆ ਹੈ। ਇਹਨਾਂ ਦੋਵਾਂ ਖ਼ਿਲਾਫ਼ ਵੀ ਵਿਜੀਲੈਂਸ ਬਿਊਰੋ ਦੀ ਪਟਿਆਲਾ ਰੇਂਜ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਵਿੱਚੋਂ ਸਰਪੰਚ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਸੈਕਟਰੀ ਗੁਰਮੀਤ ਸਿੰਘ ਵਿਜੀਲੈਂਸ ਦੀ ਪਕੜ ਤੋਂ ਅਜੇ ਬਾਹਰ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਦੋਵੇਂ ਕੇਸਾਂ ਦੀ ਹੋਰ ਪੜ੍ਹਤਾਲ ਵੀ ਕੀਤੀ ਜਾ ਰਹੀ ਹੈ।

error: Content is protected !!