Gee 98News

ਚੰਡੀਗੜ੍ਹ,5 ਜਨਵਰੀ-ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ‘ਮਿਡ ਡੇ ਮੀਲ’ ਦੇ ਸਬੰਧ ਵਿੱਚ ਦਿੱਤੇ ਨਵੇਂ ਹੁਕਮ ਅਧਿਆਪਕਾਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਵਿਭਾਗ ਨੇ ਅਧਿਆਪਕਾਂ ਨੂੰ ਹੁਕਮ ਚਾੜ ਦਿੱਤੇ ਹਨ ਕਿ ਮਿਡ ਡੇ ਮੀਲ ਵਿੱਚ ਹਰ ਬੁੱਧਵਾਰ ਬੱਚਿਆਂ ਨੂੰ ਕਾਲੇ ਛੋਲਿਆਂ ਨਾਲ ਗਰਮ ਗਰਮ ਪੂੜੀਆਂ ਦਿੱਤੀਆਂ ਜਾਣ, ਇਹ ਹੁਕਮ ਲੰਘੇ ਬੁੱਧਵਾਰ ਤੋਂ ਲਾਗੂ ਵੀ ਹੋ ਚੁੱਕੇ ਹਨ। ਬੱਚਿਆਂ ਨੂੰ ਗਰਮ ਗਰਮ ਪੂੜੀਆਂ ਦੇਣ ਲਈ ਮਿਡ ਡੇ ਮੀਲ ਵਰਕਰਾਂ ਦੇ ਨਾਲ ਅਧਿਆਪਕਾਂ ਨੂੰ ਪੜ੍ਹਾਈ ਦਾ ਕੰਮ ਛੱਡ ਕੇ ਖੁਦ ਮਿਡ ਡੇ ਮੀਲ ਦੇ ਮੈਦਾਨ ਵਿੱਚ ਉਤਰਨਾ ਪਿਆ ਕਿਉਂਕਿ ਇੱਕ ਮਿਡ ਡੇ ਮੀਲ ਵਰਕਰ ਦੇ ਇਹ ਵੱਸ ਦਾ ਰੋਗ ਨਹੀਂ ਕਿ ਇੰਨੇ ਇਕੱਠੇ ਬੱਚਿਆਂ ਨੂੰ ਗਰਮ ਗਰਮ ਪੂੜੀਆਂ ਦਿੱਤੀਆਂ ਜਾ ਸਕਣ। ਕਾਲੇ ਛੋਲਿਆਂ ਨਾਲ ਗਰਮ ਗਰਮ ਪੂੜੀਆਂ ਖਾਣ ਤੋਂ ਬਾਅਦ ਕੋਈ ਬੱਚਾ ਠੰਡਾ ਪਾਣੀ ਨਾ ਪੀ ਲਵੇ, ਇਹ ਵੀ ਅਧਿਆਪਕਾਂ ਦੀ ਸਿਰਦਰਦੀ ਬਣਿਆ ਰਿਹਾ ਅਤੇ ਬਹੁਤੇ ਸਕੂਲਾਂ ਵਿੱਚ ਸਾਰੇ ਅਧਿਆਪਕਾਂ ਨੇ ਇਸੇ ਗੱਲ ਵੱਲ ਧਿਆਨ ਰੱਖਿਆ ਕਿ ਕੋਈ ਬੱਚਾ ਠੰਡਾ ਪਾਣੀ ਨਾ ਪੀ ਲਵੇ ਜਿਸ ਨਾਲ ਉਸ ਦਾ ਗਲਾ ਖਰਾਬ ਹੋਵੇ ਜਾਂ ਖਾਂਸੀ ਹੋ ਜਾਵੇ। ਦੂਜੇ ਪਾਸੇ ਅਧਿਆਪਕ ਵਰਗ ਨੇ ਕਾਲੇ ਛੋਲਿਆਂ ਨਾਲ ਪੂੜੀਆਂ ਦੇਣ ਦੇ ਬਜਟ ‘ਤੇ ਵੀ ਸਵਾਲ ਖੜੇ ਕੀਤੇ ਹਨ। ਅਧਿਆਪਕ ਵਰਗ ਦਾ ਕਹਿਣਾ ਹੈ ਕਿ ਪਹਿਲਾਂ ਵਾਲੇ ਬਜਟ ਵਿੱਚ ਇਹ ਸੰਭਵ ਨਹੀਂ ਹੈ ਅਤੇ ਇਸ ਬਾਰੇ ਸਿੱਖਿਆ ਵਿਭਾਗ ਨੂੰ ਦੱਸ ਦਿੱਤਾ ਗਿਆ ਸੀ। ਅਧਿਆਪਕ ਜਥੇਬੰਦੀ ਡੀਟੀਐਫ ਵੱਲੋਂ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਨੀਤੀ ਤਿਆਰ ਕਰਦੇ ਸਮੇਂ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਕੜਾਕੇ ਦੀ ਸਰਦੀ ਦੇ ਦਿਨਾਂ ਵਿੱਚ ਸਕੂਲਾਂ ਵਿੱਚ ਪੀਣ ਵਾਲਾ ਪਾਣੀ ਕਾਫੀ ਠੰਢਾ ਹੀ ਹੁੰਦਾ ਹੈ ਜੇਕਰ ਤਲੀਆਂ ਹੋਈਆਂ ਪੂੜੀਆਂ ਪੀਣ ਤੋਂ ਬਾਅਦ ਬੱਚੇ ਠੰਡਾ ਪਾਣੀ ਪੀਣਗੇ ਤਾਂ ਬੱਚਿਆਂ ਦੇ ਬਿਮਾਰ ਹੋਣ ਦੇ ਜ਼ਿਆਦਾ ਲੱਛਣ ਹੋਣਗੇ। ਡੀਟੀਐਫ ਨੇ ਕਿਹਾ ਕਿ ਬੱਚਿਆਂ ਨੂੰ ਮਿਡ ਡੇ ਮੀਲ ਵਿੱਚ ਪੌਸ਼ਟਿਕ ਭੋਜਨ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਮਿਡ ਡੇ ਮੀਲ ਦਾ ਮੀਨੂ ਤਿਆਰ ਕਰਦੇ ਸਮੇਂ ਬੱਚਿਆਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *

error: Content is protected !!