ਚੰਡੀਗੜ੍ਹ,5 ਜਨਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮੁੱਦੇ ਉਤੇ ਨੰਗਾ-ਚਿੱਟਾ ਝੂਠ ਬੋਲਣ ਉਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੀ ਕਰੜੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਹਮੇਸ਼ਾ ਤੋਂ ਇਹੀ ਤਰਕ ਦੇ ਰਹੀ ਹੈ ਕਿ ਮੋਦੀ ਸਰਕਾਰ ਨੇ ਆਪਣੀ ਪੰਜਾਬ ਵਿਰੋਧੀ ਸੋਚ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕੀਤਾ ਪਰ ਜਾਖੜ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਆਪਣੀ ਬੇਥਵੀਆਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਸੀਐਮ ਮਾਨ ਨੇ ਕਿਹਾ ਕਿ ਜਾਖੜ ਨੇ ਸੂਬਾ ਸਰਕਾਰ ਦੀਆਂ ਝਾਕੀਆਂ ਰੱਦ ਹੋਣ ਦਾ ਕਾਰਨ ਉਨ੍ਹਾਂ ਉਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹੋਣ ਦੀ ਗੱਲ ਆਖ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਅਤੇ ਇਹ ਸਾਰਾ ਬਿਆਨ ਜਾਖੜ ਦੀ ਮਹਿਜ਼ ਕੋਰੀ ਕਲਪਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਦੋਂ ਰੱਖਿਆ ਮੰਤਰਾਲੇ ਨੇ ਇਹ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਇਸ ਝਾਕੀ ਉਤੇ ਕੋਈ ਤਸਵੀਰਾਂ ਨਹੀਂ ਸਨ ਤਾਂ ਜਾਖੜ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਾਖੜ ਵਰਗੇ ਨਵੇਂ-ਨਵੇਂ ਬਣੇ ਭਗਤ ਆਪਣੀ ਅੰਧ-ਭਗਤੀ ਵਿੱਚ ਪੰਜਾਬ ਦੇ ਹਿੱਤਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਕਦਮਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਣ ਦੇ ਬਾਵਜੂਦ ਇਹ ਆਗੂ ਮਹਿਜ਼ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਆਪਣੀ ਹਾਈ ਕਮਾਂਡ ਨਾਲ ਮਿਲ ਕੇ ਸੂਬੇ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਆਪਣੇ ਆਕਾਵਾਂ ਦੀਆਂ ਇੱਛਾਵਾਂ ਅਨੁਸਾਰ ਝੂਠ ਬੋਲਣ ਵਿੱਚ ਹਾਲੇ ਪੂਰੀ ਤਰ੍ਹਾਂ ਮਾਹਿਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਕਾਰਨ ਉਹ ਆਪਣੀ ਹਾਈ ਕਮਾਂਡ ਵੱਲੋਂ ਤਿਆਰ ਕੀਤੀਆਂ ਸਕ੍ਰਿਪਿਟਾਂ ਪੜ੍ਹਨ ਵਿੱਚ ਹਾਲੇ ਪੂਰੇ ਉਸਤਾਦ ਨਹੀਂ ਬਣੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਜਪਾਈ ਲੀਡਰਸ਼ਿਪ ਪੰਜਾਬ ਦੀ ਹੇਠੀ ਕਰ ਰਹੀ ਹੈ ਅਤੇ ਇਹ ਆਗੂ ਆਪਣੇ ਲੀਡਰਾਂ ਦਾ ਗੁਣਗਾਣ ਕਰਨ ਵਿੱਚ ਮਸਤ ਹਨ।







