Gee 98News

ਨਬਾਲਿਗ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨਾਬਾਲਿਗ ਲੜਕੇ ਨੂੰ 20 ਸਾਲ ਦੀ ਸਖ਼ਤ ਸਜ਼ਾ ਅਤੇ ਜੁਰਮਾਨਾ

ਚੰਡੀਗੜ੍ਹ,12 ਜਨਵਰੀ-ਸਥਾਨਕ ਜ਼ਿਲ੍ਹਾ ਅਦਾਲਤ ਨੇ ਇੱਕ ਨਾਬਾਲਗ ਬੱਚੀ ਨਾਲ ਜਬਰ ਜਨਾਹ ਦੇ ਨਾਬਾਲਿਗ ਦੋਸ਼ੀ ਨੂੰ 20 ਸਾਲ ਦੀ ਸਖਤ ਸਜ਼ਾ ਅਤੇ 41000 ਜ਼ੁਰਮਾਨਾ ਕੀਤਾ ਹੈ । ਬਲਾਤਕਾਰ ਵਰਗੀ ਗੰਭੀਰ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਦੀ ਉਮਰ ਸਾਢੇ 17 ਸਾਲ ਅਤੇ ਬੱਚੀ ਦੀ ਉਮਰ 10 ਸਾਲ ਸੀ । ਇਸ ਮਾਮਲੇ ਵਿੱਚ ਅਦਾਲਤ ਨੇ ਨਾਬਾਲਿਗ ਮੁਲਜ਼ਮ ਦੀਆਂ ਕਾਰਵਾਈਆਂ ਨੂੰ ਗੰਭੀਰ ਮੰਨਦੇ ਹੋਏ ਬਾਲਿਗ ਵਜੋਂ ਮੁਕੱਦਮਾ ਚਲਾਇਆ ਅਤੇ ਸਖ਼ਤ ਸਜ਼ਾ ਸੁਣਾਈ। ਵੇਰਵੇ ਅਨੁਸਾਰ ਮਲੋਆ ਪੁਲਿਸ ਸਟੇਸ਼ਨ ਨੇ 8 ਅਗਸਤ 2023 ਨੂੰ ਨਾਬਾਲਿਗ ਦੋਸ਼ੀ ਦੇ ਖ਼ਿਲਾਫ਼ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ, ਅਗਵਾ ਕਰਨ, ਬਲਾਤਕਾਰ ਕਰਨ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਇਸ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਦੇ ਕਰੀਬ ਪੰਜ ਮਹੀਨਿਆਂ ਦੇ ਅੰਦਰ ਫਾਸਟ ਟਰੈਕ ਅਦਾਲਤ ਨੇ ਕੇਸ ਦੀ ਸੁਣਵਾਈ ਪੂਰੀ ਕਰ ਲਈ, ਗਵਾਹਾਂ ਦੇ ਬਿਆਨ ਦਰਜ ਕੀਤੇ, ਸਬੂਤ ਦੇਖੇ ਅਤੇ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ।ਇਹ ਮਾਮਲਾ ਪੀੜ੍ਹਤਾ ਦੀ ਵੱਡੀ ਭੈਣ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਘਟਨਾ ਵਾਲੇ ਦਿਨ ਪੀੜ੍ਹਤਾ ਘਰ ਦੇ ਬਾਹਰ ਖੇਡ ਰਹੀ ਸੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।ਇੱਕ ਗੁਆਂਢੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਜੰਗਲ ਵਿੱਚ ਬੁਰੀ ਹਾਲਤ ਵਿੱਚ ਸੀ। ਇਸ ਤੋਂ ਬਾਅਦ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਉਸ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਦੋਸ਼ੀ ਗੁਆਂਢੀ ਨਾਬਾਲਿਗ ਲੜਕੀ ਨੂੰ 10 ਰੁਪਏ ਦਾ ਲਾਲਚ ਦੇ ਕੇ ਜੰਗਲ ਵਿਚ ਲੈ ਗਿਆ। ਉਥੇ ਬਲਾਤਕਾਰ ਕਰਦੇ ਹੋਏ ਦੋਸ਼ੀ ਨੇ ਉਸ ਦੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਮਾਮਲਾ ਧਿਆਨ ਵਿੱਚ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਪੀੜ੍ਹਤ ਲੜਕੀ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਹੈ।

error: Content is protected !!