Gee 98News

ਚੰਡੀਗੜ੍ਹ,17 ਜਨਵਰੀ-ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਦੇ ਖ਼ਿਲਾਫ਼ ਨਜਾਇਜ ਮਾਈਨਿੰਗ ਦੇ ਦੋਸ਼ਾਂ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਜਗਰਾਉਂ ਦੇ ਨੇੜੇ ਸਿੱਧਵਾਂ ਬੇਟ ਖੇਤਰ ‘ਚ ਸਤਲੁਜ ਦਰਿਆ ‘ਤੇ ਨਜਾਇਜ਼ ਮਾਈਨਿੰਗ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਅਤੇ ਇਸ ਮਾਮਲੇ ‘ਚ ਸਿੱਧਵਾਂ ਬੇਟ ਥਾਣੇ ਦੇ ਐਸਐਚਓ ਦੀ ਸ਼ਮੂਲੀਅਤ ਦੀਆਂ ਕਨਸੋਆਂ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਥਾਣਾ ਸਿੱਧਵਾਂ ਬੇਟ ਦੇ ਮੁਖੀ ਦਲਜੀਤ ਸਿੰਘ ਗਿੱਲ ਨੂੰ ਮਅੱਤਲ ਕਰ ਦਿੱਤਾ ਹੈ। ਭਾਵੇਂ ਕਿ ਇਸ ਖੇਤਰ ਵਿੱਚ ਨਜਾਇਜ਼ ਮਾਈਨਿੰਗ ਦਾ ਧੰਦਾ ਚਿਰਾਂ ਤੋਂ ਚੱਲ ਰਿਹਾ ਪ੍ਰੰਤੂ ਮੀਡੀਆ ਵਿੱਚ ਕਾਫ਼ੀ ਚਰਚਾ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਐਸਐਚਓ ਦੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਿੱਧਵਾਂਬੇਟ ਦੇ ਸਤਲੁਜ ਦਰਿਆ ‘ਤੇ ਨਾਜਾਇਜ਼ ਮਾਈਨਿੰਗ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਵਿੱਚ ਸਿੱਧਵਾਂਬੇਟ ਥਾਣਾ ਇੰਚਾਰਜ ਦਲਜੀਤ ਸਿੰਘ ਗਿੱਲ ‘ਤੇ ਵੀ ਮਿਲੀਭੁਗਤ ਦੇ ਦੋਸ਼ ਲੱਗ ਰਹੇ ਸਨ। ਉਨ੍ਹਾਂ ਨੂੰ ਕਈ ਵਾਰ ਉੱਚ ਅਧਿਕਾਰੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਅਤੇ ਲਿਖਤੀ ਨੋਟਿਸ ਵੀ ਜਾਰੀ ਕੀਤਾ ਗਿਆ ਪਰ SHO ਨੇ ਅਧਿਕਾਰੀਆਂ ਦੇ ਹੁਕਮਾਂ ਦੀ ਪ੍ਰਵਾਹ ਕੀਤੀ। ਡੀਐਸਪੀ ਨੇ ਦੱਸਿਆ ਕਿ ਪਿਛਲੇ ਦਿਨੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਨਜਾਇਜ਼ ਮਾਈਨਿੰਗ ਕਰਕੇ ਰੇਤੇ ਨਾਲ ਭਰਿਆ ਟਿੱਪਰ ਫੜਿਆ ਅਤੇ ਉਸ ਨੂੰ ਮਾਈਨਿੰਗ ਵਿਭਾਗ ਦੀ ਟੀਮ ਨੇ ਫੜ ਕੇ ਥਾਣਾ ਸਿੱਧਵਾਂਬੇਟ ਦੇ ਹਵਾਲੇ ਕਰ ਦਿੱਤਾ ਪਰ ਉਸ ਟਿੱਪਰ ਨੂੰ ਛੱਡ ਦਿੱਤਾ ਗਿਆ। ਜਦੋਂ ਇਹ ਖ਼ਬਰ ਅਧਿਕਾਰੀਆਂ ਤੱਕ ਪਹੁੰਚੀ ਤਾਂ ਟਿੱਪਰ ਨੂੰ ਬਰਾਮਦ ਕਰਨ ਲਈ ਤੁਰੰਤ ਯਤਨ ਕੀਤੇ ਗਏ। ਜਿਸ ਵਿੱਚ ਮਾਈਨਿੰਗ ਵਿਭਾਗ ਵੱਲੋਂ ਉਪਰੋਕਤ ਟਿੱਪਰ ਚਾਲਕ ਨੂੰ ਭਾਰੀ ਜੁਰਮਾਨਾ ਵੀ ਕੀਤਾ ਗਿਆ। ਡੀਐਸਪੀ ਵਿਰਕ ਨੇ ਦੱਸਿਆ ਕਿ ਥਾਣਾ ਮੁਖੀ ਗਿੱਲ ਖ਼ਿਲਾਫ਼ ਸ਼ਿਕਾਇਤਾਂ ਦੀ ਜਾਂਚ ਲਈ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੜ੍ਹਤਾਲ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਅਜੇ ਥਾਣਾ ਮੁਖੀ ਨੂੰ ਮੁਅੱਤਲ ਕੀਤਾ ਗਿਆ ਹੈ।

Leave a Reply

Your email address will not be published. Required fields are marked *

error: Content is protected !!