Gee 98News

ਚੰਡੀਗੜ੍ਹ,18 ਜਨਵਰੀ-ਪੰਜਾਬ ਦੇ ਸਿਹਤ ਵਿਭਾਗ ਦੀ ਪਹਿਲ ‘ਤੇ ਸੂਬੇ ਵਿੱਚ “ਮਨੁੱਖੀ ਦੁੱਧ ਬੈਂਕ” ਵੀ ਖੋਲ੍ਹੇ ਜਾ ਰਹੇ ਹਨ। ‌ ਇਹਨਾਂ ਬੈਂਕਾਂ ਵਿੱਚ ਸਿਹਤਮੰਦ ਮਾਵਾਂ ਦਾ ਦੁੱਧ ਸਟੋਰ ਕਰਕੇ ਰੱਖਿਆ ਜਾਵੇਗਾ ਤਾਂ ਜੋ ਲੋੜ ਪੈਣ ‘ਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾ ਸਕੇ। ਸੂਬੇ ਦਾ ਪਹਿਲਾ ਮਨੁੱਖੀ ਮਿਲਕ ਬੈਂਕ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਸ਼ੁਰੂ ਕੀਤਾ ਗਿਆ ਹੈ। ‌ਅਧਿਕਾਰੀਆਂ ਅਨੁਸਾਰ ਕਈ ਵਾਰ ਕਿਸੇ ਨਾ ਕਿਸੇ ਕਾਰਨ ਨਵਜਨਮੇ ਬੱਚੇ ਨੂੰ ਤੁਰੰਤ ਮਾਂ ਦਾ ਦੁੱਧ ਨਹੀਂ ਮਿਲਦਾ, ਅਜਿਹੇ ਨਵਜਨਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਬੈਂਕਾਂ ਰਾਹੀਂ ਪ੍ਰਬੰਧ ਕੀਤੇ ਜਾਣਗੇ, ਫਿਲਹਾਲ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਨਾਂ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਮਿਲਦਾ ਉਹ ਅਕਸਰ ਕੁਪੋਸ਼ਣ ਦੇ ਸ਼ਿਕਾਰ ਹੋ ਜਾਂਦੇ ਹਨ। ‌ ਕੁਪੋਸ਼ਣ ਦੀ ਦਾਰ ਨੂੰ ਘਟਾਉਣ ਲਈ ਵਿਭਾਗ ਵੱਲੋਂ ਮਿਲਕ ਬੈਂਕ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨਾਲ ਨਵਜਨਮੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਵੇਗੀ। ਇਨਾਂ ਬੈਂਕਾਂ ਤੋਂ ਮਾਂ ਦਾ ਦੁੱਧ ਉਸੇ ਤਰ੍ਹਾਂ ਮਿਲੇਗਾ ਜਿਸ ਤਰ੍ਹਾਂ ਕਿਸੇ ਬਲੱਡ ਬੈਂਕ ਤੋਂ ਜਾ ਕੇ ਖ਼ੂਨ ਲਿਆ ਜਾ ਸਕਦਾ ਹੈ। ਇਹਨਾਂ ਬੈਂਕਾਂ ਵਿੱਚ ਦੁੱਧ ਨੂੰ ਛੇ ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ। ‌ ਇਹਨਾਂ ਮਨੁੱਖੀ ਦੁੱਧ ਬੈਂਕ (ਮਦਰ ਮਿਲਕ ਬੈਂਕ) ਵਿੱਚ ਦੁੱਧ ਦਾਨ ਕਰਨ ਵਾਲੀਆਂ‌ ਔਰਤਾਂ ਦੇ ਪਹਿਲਾਂ ਸਾਰੇ ਲੋੜੀਂਦੇ ਟੈਸਟ ਕੀਤੇ ਜਾਣਗੇ ਅਤੇ ਇਹਨਾਂ ਟੈਸਟਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਔਰਤ ਦੀ ਲਿਖਤੀ ਇਜਾਜ਼ਤ ਲਈ ਜਾਵੇਗੀ, ਉਸ ਤੋਂ ਬਾਅਦ ਉਸਦਾ ਦੁੱਧ ਮਿਲਕ ਬੈਂਕ ਵਿੱਚ ਰੱਖਣ ਲਈ ਲਿਆ ਜਾਵੇਗਾ। ‌ ਅਧਿਕਾਰੀਆਂ ਅਨੁਸਾਰ ਪਹਿਲਾਂ ਮਿਲਕ ਬੈਂਕ ਮੋਹਾਲੀ ਵਿੱਚ ਸ਼ੁਰੂ ਕੀਤਾ ਗਿਆ, ਇਸ ਤੋਂ ਬਾਅਦ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿੱਚ ਵੀ ਇਹ ਮਨੁੱਖੀ ਮਿਲਕ ਬੈਂਕ ਖੋਲ੍ਹਣ ਦੀ ਯੋਜਨਾ ਹੈ।
ਫੋਟੋ ਕੈਪਸ਼ਨ- ਸੰਬੰਧਿਤ ਤਸਵੀਰ

Leave a Reply

Your email address will not be published. Required fields are marked *

error: Content is protected !!