Skip to main content

Gee 98News

ਭਾਨਾ ਸਿੱਧੂ ਮਾਮਲਾ ਬਣਿਆ ਸਰਕਾਰ ਦੇ ਗਲੇ ਦੀ ਹੱਡੀ…ਵੱਖ ਵੱਖ ਆਗੂ ਘਰਾਂ ‘ਚ ਨਜ਼ਰਬੰਦ…ਲੋਕਾਂ ਚ ਵੱਧ ਰਿਹਾ ਹੈ ਰੋਸ

ਬਰਨਾਲਾ,3 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਭਾਨਾ ਸਿੱਧੂ ਵਾਲਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਲੋਕਾਂ ਵਿੱਚ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ ਰੋਸ ਵੱਧਦਾ ਜਾ ਰਿਹਾ ਹੈ। ‌ ਇੱਕ ਪਾਸੇ ਸਰਕਾਰ ਇਹ ਮੰਨੀ ਬੈਠੀ ਹੈ ਕਿ ਭਾਵੇਂ ਸਿੱਧੂ ਦੇ ਮਾਮਲੇ ‘ਚ ਲੋਕਾਂ ਦਾ ਰੋਸ ਪ੍ਰਦਰਸ਼ਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੀ ਭੜਕਾਹਟ ਹੈ ਪ੍ਰੰਤੂ ਦੂਜੇ ਪਾਸੇ ਲੋਕਾਂ ਦਾ ਆਪਮਹਾਰੇ ਆਪਣੇ ਸਾਧਨਾਂ ‘ਤੇ ਰੋਸ ਪ੍ਰਦਰਸ਼ਨ ਵਿੱਚ ਪੁੱਜਣਾ ਸਰਕਾਰ ਲਈ ਵੱਡੀ ਚੁਣੌਤੀ ਖੜੀ ਕਰਦਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦੇ ਐਲਾਨ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਸਮੇਤ ਆਮ ਲੋਕ ਵੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਭੜਕਾਹਟ ਵਾਲੀ ਕਾਰਵਾਈ ਮੰਨ ਰਹੇ ਹਨ। ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨਾ ਅਤੇ ਸੰਗਰੂਰ ਜਾ ਰਹੇ ਕਾਫਲਿਆਂ ਨੂੰ ਰਸਤੇ ਵਿੱਚ ਹੀ ਰੋਕ ਕੇ ਰੱਖਣ ਨਾਲ ਲੋਕਾਂ ਵਿੱਚ ਰੋਸ ਹੋਰ ਵਧ ਰਿਹਾ ਹੈ। ‌ ਬਰਨਾਲਾ-ਸੰਗਰੂਰ ਮੁੱਖ ਮਾਰਗ ‘ਤੇ ਬਡਬਰ ਟੋਲ ਪਲਾਜ਼ਾ ‘ਤੇ ਲੋਕਾਂ ਦਾ ਵੱਡਾ ਇਕੱਠ ਜੁੜ ਚੁੱਕਿਆ ਹੈ। ਇਥੋਂ ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਸ਼ੀਰਾ ਛੀਨੀਵਾਲ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਨਾ ਸਿੱਧੂ ਦੇ ਪਿੰਡ ਕੋਟਦੁੱਨਾ ਤੋਂ ਵੱਡੇ ਕਾਫਲੇ ਨੂੰ ਰਸਤੇ ਵਿੱਚ ਹੀ ਰੋਕਿਆ ਹੋਇਆ ਹੈ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਭੜਕਾਹਟ ਵਾਲੀ ਕਾਰਵਾਈ ਦੱਸਦੇ ਹੋਏ ਇਸ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਿਕ ਹੱਕ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਖੁੱਲਾ ਛੱਡਿਆ ਹੋਇਆ ਹੈ, ਜੋ ਨਿੰਦਣਯੋਗ ਹੈ। ‌ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਅੱਜ ਦੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਬਾਅਦ ਲੋਕਾਂ ਦਾ ਰੋਸ ਹੋਰ ਵਧੇਗਾ। ਉਹਨਾਂ ਕਿਹਾ ਕਿ ਸੰਗਰੂਰ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਅਤੇ ਪੱਕੇ ਤੌਰ ‘ਤੇ ਮੁੱਖ ਮਾਰਗ ਤੇ ਟੋਲ ਪਲਾਜ਼ਾ ਬੰਦ ਵੀ ਕੀਤੇ ਜਾ ਸਕਦੇ ਹਨ ਜਿਸ ਸਬੰਧੀ ਫੈਸਲਾ ਜਲਦੀ ਹੀ ਕੀਤਾ ਜਾਵੇਗਾ।
ਫੋਟੋ ਕੈਪਸ਼ਨ-ਪਿੰਡ ਛੀਨੀਵਾਲ ਵਿਖੇ ਆਪਣੇ ਘਰ ‘ਚ ਨਜ਼ਰਬੰਦ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਅਤੇ ਸਾਥੀ

error: Content is protected !!