ਬਰਨਾਲਾ, 29 ਸਤੰਬਰ, ( ਨਿਰਮਲ ਸਿੰਘ ਪੰਡੋਰੀ )-
-ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 28 ਸਤੰਬਰ ਨੂੰ ਬਾਅਦ ਦੁਪਹਿਰ ਸਥਿਤੀ ਉਸ ਵੇਲੇ ਹਫ਼ੜਾ ਦਫ਼ੜੀ ਵਾਲੀ ਬਣ ਗਈ ਜਦੋਂ ਕੰਪਲੈਕਸ ਦੀ ਇੱਕ ਲਿਫ਼ਟ ਵਿੱਚ ਤਿੰਨ ਜ਼ਿੰਦਗੀਆਂ ਫਸ ਗਈਆਂ, ਜਿਨਾਂ ਨੂੰ ਲੱਗਭੱਗ ਤਿੰਨ ਘੰਟੇ ਦੀ ਜੱਦੋ ਜਹਿਦ ਬਾਅਦ ਸਹੀ ਸਲਾਮਤ ਬਾਹਰ ਕੱਢਿਆ ਗਿਆ। ਇਹ ਤਿੰਨੋਂ ਮੁਲਾਜ਼ਮ, ਜਿਨਾਂ ਵਿੱਚ ਇੱਕ ਮਹਿਲਾ ਮੁਲਾਜ਼ਮ ਵੀ ਸ਼ਾਮਿਲ ਸੀ, ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵੱਖ ਵੱਖ ਵਿਭਾਗਾਂ ਵਿੱਚ ਤਾਇਨਾਤ ਹਨ।ਇਨਾਂ ਮੁਲਾਜ਼ਮਾਂ ਨੇ ਜਦੋਂ ਲਿਫ਼ਟ ਦੀ ਵਰਤੋਂ ਕੀਤੀ ਤਾਂ ਲਿਫ਼ਟ ਅੱਧ ਵਿਚਕਾਰ ਹੀ ਅਟਕ ਗਈ ਜਿਸ ਤੋਂ ਬਾਅਦ ਸਾਰੇ ਪ੍ਰਬੰਧਕੀ ਕੰਪਲੈਕਸ ਮੁਲਾਜ਼ਮ ਇਕੱਠੇ ਹੋ ਕੇ ਲਿਫ਼ਟ ਵਾਲੀ ਜਗ੍ਹਾ ‘ਤੇ ਪਹੁੰਚੇ। ਇਸ ਮੌਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਵੀ ਹਾਜ਼ਰ ਰਹੇ। ਕਈ ਘੰਟੇ ਲਿਫ਼ਟ ਨੂੰ ਚਾਲੂ ਕਰਨ ਲਈ ਵੱਖ-ਵੱਖ ਤੌਰ ਤਰੀਕੇ ਵਰਤੇ ਗਏ ਪ੍ਰੰਤੂ ਅਖੀਰ ‘ਤੇ ਲੋਹੇ ਦੇ ਇੱਕ ਵੱਡੇ ਗਾਡਰ ਨਾਲ ਲਿਫ਼ਟ ਨੂੰ ਜਬਰਦਸਤੀ ਖੋਲ੍ਹ ਕੇ ਵਿੱਚ ਫਸੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ।ਇਸ ਘਟਨਾ ਸਬੰਧੀ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਹਨਾਂ ਲਿਫ਼ਟਾਂ ਨੂੰ ਪੱਕੇ ਤੌਰ ‘ਤੇ ਮਾਹਿਰ ਮਕੈਨਿਕਾਂ ਕੋਲੋਂ ਠੀਕ ਕਰਵਾਉਣ ਲਈ ਕਦਮ ਚੁੱਕਣਗੇ ਅਤੇ ਡੀਸੀ ਦਫ਼ਤਰ ਵਾਲੇ ਪਾਸੇ ਲੰਮੇ ਸਮੇਂ ਤੋਂ ਖ਼ਰਾਬ ਲਿਫ਼ਟ ਨੂੰ ਵੀ ਜਲਦੀ ਚਾਲੂ ਕੀਤਾ ਜਾਵੇਗਾ।
-ਕੰਪਲੈਕਸ ਦੀਆਂ ਸਾਰੀਆਂ ਲਿਫ਼ਟਾਂ ਦਾ ਰੱਬ ਹੀ ਰਾਖਾ
ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚਾਰ ਲਿਫ਼ਟਾਂ ਲੱਗੀਆਂ ਹਨ ਜਿਨਾਂ ਵਿੱਚੋਂ ਇੱਕ ਡੀਸੀ ਦਫ਼ਤਰ ਵਾਲੇ ਪਾਸੇ ਹੈ ਅਤੇ ਇੱਕ ਐਸਐਸਪੀ ਦਫ਼ਤਰ ਵਾਲੇ ਪਾਸੇ ਹੈ ਜਦਕਿ ਦੋ ਲਿਫ਼ਟਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਵਾਲੇ ਪਾਸੇ ਆਮ ਲੋਕਾਂ ਦੇ ਆਉਣ ਜਾਣ ਲਈ ਮੁੱਖ ਰਸਤੇ ਦੇ ਅੰਦਰ ਲੱਗੀਆਂ ਹੋਈਆਂ ਹਨ। ਇਹ ਦੋਵੇਂ ਲਾਈਟਾਂ ਅਕਸਰ ਖ਼ਰਾਬ ਰਹਿੰਦੀਆਂ ਹਨ। ਪਿਛਲੇ ਦਿਨਾਂ ਦੌਰਾਨ ਇਹ ਦੋਵੇਂ ਲਿਫ਼ਟਾਂ ਕਈ ਮਹੀਨੇ ਬੰਦ ਰਹੀਆਂ ਜਿਨਾਂ ਨੂੰ ਦੁਬਾਰਾ ਚਾਲੂ ਕੀਤਾ ਗਿਆ ਸੀ ਪ੍ਰੰਤੂ ਇਸ ਤੋਂ ਬਾਅਦ ਵੀ ਇਹ ਕਈ ਵਾਰ ਖ਼ਰਾਬ ਹੋ ਚੁੱਕੀਆਂ ਹਨ। ਡੀਸੀ ਦਫ਼ਤਰ ਵਾਲੇ ਪਾਸੇ ਦੀ ਲਿਫ਼ਟ ਤਾਂ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਹੈ ਜਿਸ ਦੇ ਬਾਹਰ “ਲਿਫਟ ਬੰਦ ਹੈ” ਦਾ ਬੋਰਡ ਵੀ ਲਿਖ ਕੇ ਲਗਾਇਆ ਹੋਇਆ ਹੈ, ਜਦ ਕਿ ਐਸਐਸਪੀ ਦਫ਼ਤਰ ਵਾਲੇ ਪਾਸੇ ਲੱਗੀ ਲਿਫ਼ਟ ਵੀ ਅਕਸਰ ਖ਼ਰਾਬ ਹੋ ਜਾਂਦੀ ਹੈ। ਇਨਾਂ ਲਿਫਟਾਂ ਦੀ ਖਰਾਬੀ ਸਬੰਧੀ ਅਕਸਰ ਪੱਤਰਕਾਰਾਂ ਵੱਲੋਂ ਖ਼ਬਰਾਂ ਲਗਾਈਆਂ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਲੋਕ ਇਹਨਾਂ ਖਰਾਬ ਲਿਫ਼ਟਾਂ ਦਾ ਜ਼ਿਕਰ ਕਰਦੇ ਹਨ ਪਰੰਤੂ ਇਸਦੇ ਬਾਵਜੂਦ ਕੰਪਲੈਕਸ ਵਿੱਚ ਵੱਡੀਆਂ ਕੁਰਸੀਆਂ ‘ਤੇ ਬੈਠੇ ਅਫ਼ਸਰਾਂ ਦਾ ਇਹਨਾਂ ਖਰਾਬ ਲਿਫ਼ਟਾਂ ਨੂੰ ਪੱਕੇ ਤੌਰ ‘ਤੇ ਠੀਕ ਕਰਵਾਉਣ ਵੱਲ ਧਿਆਨ ਨਹੀਂ ਹੈ। 28 ਸਤੰਬਰ ਨੂੰ ਜਦ ਤਿੰਨ ਸਰਕਾਰੀ ਮੁਲਾਜ਼ਮ ਹੀ ਇਸ ਲਿਫਟ ਵਿੱਚ ਫਸ ਗਏ ਤਾਂ ਵੱਡੇ ਅਧਿਕਾਰੀਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ, ਜਿਨਾਂ ਨੂੰ ਆਪਣੀਆਂ ਕੁਰਸੀਆਂ ਛੱਡ ਕੇ ਲਿਫ਼ਟ ਵਿੱਚ ਫਸੇ ਮੁਲਾਜ਼ਮਾਂ ਨੂੰ ਫਸਾਉਣ ਲਈ ਕੀਤੇ ਬਚਾਓ ਅਪਰੇਸ਼ਨ ਦੀ ਨਿਗਰਾਨੀ ਕਰਨੀ ਪਈ।
-ਪੌੜੀਆਂ ‘ਤੇ ਸਿੱਧਾ ਰਸਤਾ ਵੀ ਗੰਦਗੀ ਭਰਿਆ
ਕੰਪਲੈਕਸ ਦੀਆਂ ਉੱਪਰਲੀਆਂ ਮੰਜ਼ਿਲਾਂ ‘ਤੇ ਜਾਣ ਲਈ ਲਿਫ਼ਟਾਂ ਤੋਂ ਬਿਨਾਂ ਪੌੜੀਆਂ ਅਤੇ ਸਿੱਧਾ ਰਸਤਾ ਵੀ ਬਣਿਆ ਹੋਇਆ ਹੈ ਪਰੰਤੂ ਇੱਥੇ ਅਵਾਰਾ ਕੁੱਤੇ ਅਕਸਰ ਦਿਨੇ ਬੈਠੇ ਰਹਿੰਦੇ ਹਨ ਅਤੇ ਕੁੱਤਿਆ ਦੀ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਇਹਨਾਂ ਲਿਫ਼ਟਾਂ ਦੀ ਖਰਾਬੀ ਅਤੇ ਆਮ ਪੌੜੀਆਂ ਸਮੇਤ ਸਿੱਧੇ ਰਸਤੇ ‘ਤੇ ਗੰਦਗੀ ਦੇ ਢੇਰ ਸਭ ਤੋਂ ਜ਼ਿਆਦਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਊਟੀ ਕਰ ਰਹੇ ਅੰਗਹੀਣ ਮੁਲਾਜ਼ਮਾਂ ਤੇ ਕੰਮਕਾਰ ਆਉਣ ਵਾਲੇ ਅੰਗਹੀਣ ਅਤੇ ਬਜ਼ੁਰਗ ਲੋਕਾਂ ਲਈ ਸਮੱਸਿਆ ਖੜੀ ਕਰਦੇ ਹਨ। 28 ਸਤੰਬਰ ਦੀ ਲਿਫ਼ਟ ਖਰਾਬ ਹੋਣ ਵਾਲੀ ਘਟਨਾ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਹੁਣ ਜ਼ਿਲ੍ਹੇ ਦੇ ਵੱਡੇ ਅਫਸਰਾਂ ਨੂੰ ਨੀਂਦ ਤੋਂ ਜਾਗ ਕੇ ਇਹਨਾਂ ਲਿਫ਼ਟਾਂ ਨੂੰ ਪੱਕੇ ਤੌਰ ‘ਤੇ ਠੀਕ ਕਰਵਾਉਣ ਅਤੇ ਆਧੁਨਿਕ ਤਕਨੀਕ ਵਾਲੀਆਂ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।