Gee 98News

Sunday Special
ਚੰਡੀਗੜ੍ਹ,4 ਫਰਵਰੀ, ਨਿਰਮਲ ਸਿੰਘ ਪੰਡੋਰੀ
-ਪੰਜਾਬ ਸਰਕਾਰ ਦੇ ਕੰਮਕਾਰ ਦੇ ਮਾਮਲੇ ਵਿੱਚ ਹਮੇਸ਼ਾ ਝਾੜੂ ਪੁੱਠਾ ਰੱਖਣ ਵਾਲੇ ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅਹੁਦਾ ਤਿਆਗ ਦਿੱਤਾ ਹੈ। ‌ਦੱਸ ਦੇਈਏ ਕਿ ਸ੍ਰੀ ਪ੍ਰੋਹਿਤ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਪੰਜਾਬ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ।‌ ਉਂਝ ਤਾਂ ਭਾਵੇਂ ਰਾਜਪਾਲ ਨੇ ਆਪਣੇ ਅਸਤੀਫ਼ੇ ਦੇ ਕਾਰਨ ਨਿੱਜੀ ਦੱਸੇ ਹਨ ਪਰੰਤੂ ਸੂਤਰਾਂ ਅਨੁਸਾਰ ਰਾਜਪਾਲ ਦੇ ਅਸਤੀਫ਼ੇ ਦੇ ਪਿੱਛੇ ਖਿਚੜੀ ਹੋਰ ਹੀ ਪੱਕ ਰਹੀ ਹੈ।‌ ਚਰਚਾ ਹੈ ਕਿ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਕੁਮਾਰ ਨਾਲ ਦਿੱਲੀ ਵਿਖੇ ਹੋਈ 2 ਫਰਵਰੀ ਦੀ ਮੀਟਿੰਗ ਵਿੱਚ ਰਾਜਪਾਲ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੇ ਵਿੱਚ ਨਵੀਂ ਸਿਆਸੀ ਅਤੇ ਪ੍ਰਸ਼ਾਸਨਿਕ ਇਬਾਰਤ ਲਿਖਣ ਦੀ ਰਣਨੀਤੀ ਉਲੀਕ ਰਹੀ ਹੈ। ਹੁਣ ਜੇਕਰ ਕਿਸੇ ਸਿੱਖ ਆਗੂ ਨੂੰ ਸੂਬੇ ਦਾ ਰਾਜਪਾਲ ਲਗਾਇਆ ਜਾਂਦਾ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਵੈਸੇ ਦੇਸ਼ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਰਐਸਐਸ ਦੇ ਵਿਚਾਰਾਂ ਨਾਲ ਗੁੰਦੇ ਹੋਏ ਕਿਸੇ ਭਾਜਪਾ ਆਗੂ ਨੂੰ ਵੀ ਪੰਜਾਬ ਦੀ ਵਾਂਗਡੋਰ ਬਤੌਰ ਰਾਜਪਾਲ ਸੌਂਪੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਤੇ ਕਿਤੇ ਕਿਤੇ ਸੁਖਦੇਵ ਸਿੰਘ ਢੀਂਡਸਾ ਵੱਲ ਵੀ ਸੂਈ ਘੁੰਮ ਰਹੀ ਹੈ। ਉੰਝ ਜੇਕਰ ਢੀਂਡਸਾ ਨੂੰ ਸੂਬੇ ਦਾ ਰਾਜਪਾਲ ਲਗਾਇਆ ਜਾਂਦਾ ਹੈ ਤਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਦਾਅਵੇਦਾਰੀ ਫਿੱਕੀ ਪੈ ਜਾਵੇਗੀ। ਦੂਜੇ ਪਾਸੇ ਬੀਤੇ ਕੱਲ੍ਹ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤਾ ਬਿਆਨ ਕਿ “ਕੈਪਟਨ ਸੂਬੇ ਦਾ ਰਾਜਪਾਲ ਨਹੀਂ ਹੋਵੇਗਾ” ਧਿਆਨ ਮੰਗਦਾ ਹੈ। ਜਾਖੜ ਦੇ ਬਿਆਨ ਦੇ ਸੰਦਰਭ ਵਿੱਚ ਇਹ ਚਰਚਾ ਪ੍ਰਪੱਕ ਹੋ ਜਾਂਦੀ ਹੈ ਕਿ ਪੰਜਾਬ ਦਾ ਰਾਜਪਾਲ ਭਾਜਪਾ ਦੀ ਹਿੰਦੂ ਰਾਸ਼ਟਰ ਸਬੰਧੀ ਰਣਨੀਤੀ ਅਤੇ ਰਾਜਨੀਤੀ ਸਬੰਧੀ ਪ੍ਰਪੱਕ ਵਿਚਾਰਾਂ ਵਾਲਾ ਭਾਜਪਾ ਆਗੂ ਹੀ ਹੋਵੇਗਾ ਜੋ ਪੰਜਾਬ ‘ਚ ਸ੍ਰੀ ਪੁਰੋਹਿਤ ਵਾਂਗੂੰ ਝਾੜੂ ਖਿਲਾਰਨ ਦਾ ਕੰਮ ਨਹੀਂ ਕਰੇਗਾ ਕਿਉਂਕਿ ਇਹ ਚਰਚਾ ਆਮ ਹੀ ਹੁੰਦੀ ਆਈ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਚਰਚਾ ਇਹ ਵੀ ਹਮੇਸ਼ਾ ਹੁੰਦੀ ਰਹੀ ਹੈ ਕਿ ਗਾਂਧੀ ਪਰਿਵਾਰ ਦੀ ਵਿਚਾਰਧਾਰਾ ਨੂੰ ਟਿਕਾਣੇ ‘ਤੇ ਰੱਖਣ ਲਈ ਆਰਐਸਐਸ ਦਾ “ਥਿੰਕ ਟੈਂਕ” ਅਰਵਿੰਦ ਕੇਜਰੀਵਾਲ ਦੀ ਸ਼ਖਸ਼ੀਅਤ ਨੂੰ ‘ਹਵਾ’ ਦੇ ਰਿਹਾ ਹੈ। ਸ਼ਾਇਦ ! ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਪੰਜਾਬ ਦਾ ਨਵਾਂ ਰਾਜਪਾਲ ਕੌਣ ਹੋਵੇਗਾ…! ਬਹਿਰਹਾਲ, ਇਹ ਸਪੱਸ਼ਟ ਹੈ ਕਿ ਸ੍ਰੀ ਪ੍ਰੋਹਿਤ ਦੇ ਅਸਤੀਫ਼ੇ ਦੇ ਕਾਰਨ ‘ਨਿੱਜੀ’ ਨਹੀਂ ਸਨ ਸਗੋਂ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਵਿੱਚ “ਸਿਆਸੀ ਬੇਆਬਰੂ” ਕੀਤਾ ਗਿਆ ਹੈ, ਉਂਝ ਉਹ ਭਾਜਪਾ ਵਿਰੋਧੀ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਵਿੱਚ ਵਿਰੋਧੀ ਪਾਰਟੀ ਦੀ ਭੂਮਿਕਾ ਦੇ “ਸਾਂਚੇ” ਵਿੱਚ ਫਿੱਟ ਬੈਠਣ ਵਾਲੇ ਆਦਮੀ ਸਨ।
ਫੋਟੋ ਕੈਪਸ਼ਨ-2 ਫਰਵਰੀ ਨੂੰ ਸ੍ਰੀ ਪੁਰੋਹਿਤ ਦੀ ਗ੍ਰਹਿ ਮੰਤਰੀ ਅਮਿਤ ਕੁਮਾਰ ਨਾਲ ਮੁਲਾਕਾਤ ਦੀ ਤਸਵੀਰ ਵਿੱਚ ਰਾਜਪਾਲ ਦੇ ਚਿਹਰੇ ਦੇ ਹਾਵ-ਭਾਵ ਅਸਤੀਫ਼ੇ ਦੇ ਕਾਰਨ ਸਪੱਸ਼ਟ ਦੱਸ ਰਹੇ ਹਨ।

Leave a Reply

Your email address will not be published. Required fields are marked *

error: Content is protected !!