Skip to main content

Gee 98News

ਭਾਨਾ ਸਿੱਧੂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ਦੀ ਚਿੱਠੀ ਦਾ ਸੱਚ ਕੀ ਹੈ…ਪੜ੍ਹੋ ਚਿੱਠੀ

ਭੈਣਾਂ ‘ਤੇ ਪਰਚੇ ਨੇ ਬਲਦੀ ‘ਤੇ ਪਾਇਆ ਤੇਲ
ਬਰਨਾਲਾ,9 ਫਰਵਰੀ Gee98 news service
ਭਾਨਾ ਸਿੱਧੂ ਦੀ ਜੇਲ੍ਹ ‘ਚੋਂ ਰਿਹਾਈ ਖਟਾਈ ਵਿੱਚ ਪੈ ਸਕਦੀ ਹੈ। ਬਰਨਾਲਾ ਦੇ ਥਾਣਾ ਧਨੌਲਾ ਵਿਖੇ ਭਾਨਾ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਸਮੇਤ 200 ਤੋਂ ਵਧੇਰੇ ਵਿਅਕਤੀਆਂ ‘ਤੇ ਸੰਗੀਨ ਧਾਰਾਵਾਂ ਤਹਿਤ ਦਰਜ ਮੁਕੱਦਮੇ ਨੇ ਹਾਲਾਤਾਂ ਅਨੁਸਾਰ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਹ FIR 3 ਫਰਵਰੀ ਨੂੰ ਹੀ ਕੱਟ ਦਿੱਤੀ ਗਈ ਸੀ ਜਿਸ ਵੇਲੇ ਸੰਗਰੂਰ ਵਿਖੇ ਲੱਖਾ ਸਿਧਾਣਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਪੁਲਿਸ ਦੇ ਉੱਚ ਅਧਿਕਾਰੀ ਭਾਨੇ ਸਿੱਧੂ ਦੀ ਰਿਹਾਈ ਸਬੰਧੀ ਸਮਝੌਤਾ ਕਰ ਰਹੇ ਸਨ, ਉਸ ਵੇਲੇ ਥਾਣਾ ਧਨੌਲਾ ਵਿਖੇ ਭਾਨੇ ਸਿੱਧੂ ਦੀਆਂ ਭੈਣਾਂ, ਪਿਤਾ, ਪਿੰਡ ਦੇ ਸਰਪੰਚ ਸਮੇਤ ਹੋਰ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਸੀ। ਇਸ ਮੁਕੱਦਮੇ ਵਿੱਚ ਲੱਖਾ ਸਿਧਾਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਭਾਨਾ ਸਿੱਧੂ ਦੀਆਂ ਭੈਣਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਨ ‘ਤੇ ਲੋਕਾਂ ਦਾ ਰੋਸ ਸੱਤਵੇਂ ਅਸਮਾਨ ‘ਤੇ ਹੈ। ਦੂਜੇ ਪਾਸੇ ਸੰਗਰੂਰ ਵਿਖੇ ਲੱਖਾ ਸਿਧਾਣਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਦਸਤਖਤਾਂ ਵਾਲੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਚਿੱਠੀ ਨੇ ਮੌਜੂਦਾ ਹਾਲਾਤਾਂ ਅਨੁਸਾਰ ਅੱਗ ਲਗਾਈ ਹੋਈ ਹੈ। ਇਸ ਖ਼ਬਰ ਦੇ ਨਾਲ ਚਿੱਠੀ ਦੀ ਤਸਵੀਰ ਵੀ ਦਿੱਤੀ ਜਾ ਰਹੀ ਹੈ ਭਾਵੇਂ ਕਿ Gee98 news ਅਦਾਰਾ ਇਸ ਚਿੱਠੀ ਦੀ ਤਸਦੀਕ ਨਹੀਂ ਕਰਦਾ ਪਰੰਤੂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਚਿੱਠੀ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ 10 ਫਰਵਰੀ ਤੱਕ ਭਾਨਾ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਜਿਵੇਂ ਕਿ ਲੱਖਾ ਸਿਧਾਣਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਹ ਚਿੱਠੀ 3 ਫਰਵਰੀ ਦੀ ਲਿਖੀ ਹੋਈ ਹੈ ਤੇ ਇਸ ਵਿੱਚ ਲੱਖਾ ਸਿਧਾਣਾ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਦਸਤਖ਼ਤ ਨੇ, ਜਿਹੜੇ ਕਿ 3 ਫਰਵਰੀ ਨੂੰ ਮੁੱਖ ਮੰਤਰੀ ਦਦੀ ਕੋਠੀ ਘੇਰਨ ਸੰਗਰੂਰ ਪੁੱਜੇ ਸਨ। ਇਸ ਚਿੱਠੀ ਵਿੱਚ ਸਾਫ਼ ਤੌਰ ‘ਤੇ ਲਿਖਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੋਟਦੁੱਨਾ ਪਿੰਡ ਦੇ ਨਿਰਭੈ ਸਿੰਘ ਵੱਲੋਂ ਦਿੱਤੀ ਗਈ ਦਰਖਾਸਤ ਦੀ ਪੜ੍ਹਤਾਲ ਡੀਆਈਜੀ ਪਟਿਆਲਾ ਸ. ਹਰਚਰਨ ਸਿੰਘ ਭੁੱਲਰ ਕਰਨਗੇ ਅਤੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਪਰ ਹੁਣ ਭਾਨਾ ਸਿੱਧੂ ਦੀ ਰਿਹਾਈ ਸਬੰਧੀ ਤਰ੍ਹਾਂ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਭਾਨੇ ਸਿੱਧੂ ਦੇ ਪਰਿਵਾਰ ‘ਤੇ ਪਰਚਾ ਦਰਜ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ‘ਤੇ ਪੰਜਾਬ ਪੁਲਿਸ ਦਾ ਕੋਈ ਵੀ ਅਫ਼ਸਰ ਤੇ ਸੱਤਾਧਾਰੀ ਪਾਰਟੀ ਦਾ ਕੋਈ ਆਗੂ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਨੇ ਇਹਨਾਂ ਹਾਲਾਤਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਤਣ ਲਈ ਸੋਸ਼ਲ ਮੀਡੀਆ ‘ਤੇ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹਾਲਾਤਾਂ ਦੇ ਮੱਦੇਨਜ਼ਰ ਕੁਝ ਸੁਹਿਰਦ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਨੌਜਵਾਨਾਂ ਨੂੰ ਜਜ਼ਬਾਤ ਸੰਭਾਲ ਕੇ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਹ ਵੀ ਦੇਖਣ ਵਿੱਚ ਆ ਰਿਹਾ ਹੈ ਭਾਨਾ ਸਿੱਧੂ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ/ ਵਿਧਾਇਕਾਂ ਤੇ ਆਗੂਆਂ ਦੇ ਚਿਹਰੇ ਉਤਰੇ ਹੋਏ ਹਨ। ਬਹਰਰਾਲ ! ਮੁੱਖ ਮੰਤਰੀ ਭਗਵੰਤ ਮਾਨ,ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੂੰ ਇਹਨਾਂ ਹਾਲਾਤਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।

error: Content is protected !!