Gee 98News

ਚੰਡੀਗੜ੍ਹ,9 ਫਰਵਰੀ, Gee98 news service
ਪੀਆਰਟੀਸੀ,ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਤਿੰਨ ਦਿਨ ਸਰਕਾਰੀ ਬੱਸਾਂ ਨੂੰ ਬਰੇਕਾਂ ਲਾਉਣ ਦਾ ਫੈਸਲਾ ਕੀਤਾ ਹੈ।
ਪੀਆਰਟੀਸੀ,ਪਨਬੱਸ ਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਬੈਠਕ ਨਾ ਹੋਣ ਦੇ ਰੋਸ ਵਜੋਂ ਮੁੜ ਤੋਂ ਤਲਖੀ ਭਰਦਿਆਂ ਤਿੰਨ ਰੋਜ਼ਾ ਹੜਤਾਲ ਕਰਨ ਅਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਰੈਲੀਆਂ ‘ਚ ਬੱਸਾਂ ਲੈ ਕੇ ਜਾਣ ਤੋਂ ਨਾਂਹ ਕਰਨ ਸਮੇਤ 52 ਸਵਾਰੀਆਂ ਵਾਲਾ ਫ਼ੈਸਲਾ ਲਾਗੂ ਰੱਖਣ ਦਾ ਐਲਾਨ ਕਰ ਦਿੱਤਾ ਹੈ। ਪੀਆਰਟੀਸੀ, ਪਨਬੱਸ ਤੇ ਪੰਜਾਬ ਰੋਡਵੇਜ਼ ਕੰਟਰੈਕਟ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਸਿੰਘ ਵਿਕੀ, ਪਟਿਆਲਾ ਡਿਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਤਿੰਨੋਂ ਅਦਾਰਿਆਂ ਦੇ ਕੰਟਰੈਕਟ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਮੁੱਖ ਮੰਤਰੀ ਨਾਲ ਵੀਰਵਾਰ ਨੂੰ ਬੈਠਕ ਹੋਣ ਸਬੰਧੀ ਚਿੱਠੀ ਆਈ ਸੀ ਪ੍ਰੰਤੂ ਅੱਜ ਜਦੋਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਤਾਂ ਉਨ੍ਹਾਂ ਦੀ ਕੋਈ ਮੀਟਿੰਗ ਨਾ ਹੋਈ। ਉਨ੍ਹਾਂ ਕਿਹਾ ਕਿ ਹਰ ਵਾਰ ਸਰਕਾਰ ਮੀਟਿੰਗਾਂ ਦੇ ਕੇ ਮੁੱਕਰ ਜਾਂਦੀ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਵੱਡਾ ਰੋਸ ਹੈ। ਜਿਸ ਦੇ ਰੋਸ ਵਜੋਂ ਬੱਸਾਂ ’ਚ ਸੀਟਾਂ ਅਨੁਸਾਰ ਸਵਾਰੀਆਂ ਬਿਠਾਉਣ ਵਾਲਾ ਫ਼ੈਸਲਾ ਲਾਗੂ ਰੱਖਿਆ ਜਾਵੇਗਾ ਅਤੇ ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਚੜ੍ਹਾਈਆਂ ਜਾਣਗੀਆਂ।ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ 9 ਫਰਵਰੀ ਨੂੰ ਡਿਪੂਆਂ ’ਤੇ ਗੇਟ ਰੈਲੀਆਂ ਕਰ ਕੇ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ 10 ਤੇ 11 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ’ਚ ਬੱਸਾਂ ਨਹੀਂ ਲਿਜਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਫ਼ੈਸਲੇ ਅਨੁਸਾਰ 13,14 ਤੇ 15 ਫਰਵਰੀ ਨੂੰ ਸੂਬੇ ਭਰ ’ਚ ਬੱਸਾਂ ਦਾ ਚੱਕਾ ਜਾਮ ਕਰ ਕੇ ਰੋਸ ਭਰਪੂਰ ਰੈਲੀਆਂ ਕਰਦਿਆਂ ਹੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੰਟਰੈਕਟ ਕਾਮਿਆਂ ਵੱਲੋਂ ਪਿਛਲੇ ਦਿਨਾਂ ਤੋਂ ਸਕਰਾਰੀ ਬੱਸਾਂ ’ਚ 52 ਸਵਾਰੀਆਂ ਬਿਠਾਉਣ ਦੇ ਕੀਤੇ ਫ਼ੈਸਲੇ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਸਰਕਾਰ ਲਈ ਵੀ ਸਿਰਦਰਦੀ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਇਨ੍ਹਾਂ ਕਰਮਚਾਰੀਆਂ ਵੱਲੋਂ ਮੀਟਿੰਗ ਹੋਣ ਦੇ ਭਰੋਸੇ ’ਤੇ ਸ਼ਾਮ-ਸਵੇਰੇ 52 ਤੋਂ ਵੱਧ ਸਵਾਰੀਆਂ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਹੁਣ ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ 52 ਤੋਂ ਵੱਧ ਸਵਾਰੀਆਂ ਨਹੀਂ ਚੜ੍ਹਾਉਣਗੇ ਅਤੇ 13, 14, 15 ਫਰਵਰੀ ਨੂੰ ਤਿੰਨ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਣਗੇ।

Leave a Reply

Your email address will not be published. Required fields are marked *

error: Content is protected !!