ਚੰਡੀਗੜ੍ਹ , 27 ਸਤੰਬਰ, Gee98 news service-
-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸਚਿਨ ਪਾਇਲਟ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲਾਂ ਵਾਲੇ ਇੰਚਾਰਜਾਂ ਨਾਲੋਂ ਵੱਖਰੀ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਕਾਂਗਰਸ ਦੀ ਹਾਈਕਮਾਂਡ ਵੱਲੋਂ ਸੂਬੇ ‘ਚ ਨਿਯੁਕਤ ਕੀਤੇ ਪਹਿਲੇ ਇੰਚਾਰਜ ਜਿੱਥੇ ਸੂਬਾ ਕਾਂਗਰਸ ਦੇ ਵੱਡੇ ਆਗੂਆਂ ਨਾਲ ਵੱਡੇ ਹੋਟਲਾਂ ‘ਚ ਮੀਟਿੰਗਾਂ ਕਰਕੇ ਵਾਪਸ ਮੁੜ ਜਾਂਦੇ ਸਨ ਜਾਂ ਫਿਰ ਸੂਬੇ ‘ਚ ਕੁਝ ਕੁ ਥਾਵਾਂ ‘ਤੇ ਵੱਡੀਆਂ ਰੈਲੀਆਂ ਕਰਨ ਨੂੰ ਤਰਜੀਹ ਦਿੰਦੇ ਸਨ ਉੱਥੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਨੇ ਹਲਕਾ ਪੱਧਰ ਤੱਕ ਪਾਰਟੀ ਆਗੂਆਂ ਨਾਲ ਸਿੱਧੇ ਤੌਰ ‘ਤੇ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਚਿਨ ਪਾਇਲਟ ਵੱਲੋਂ ਤਿਆਰ ਕੀਤੀ ਰਵੀ ਨਵੀਂ ਨੀਤੀ ਅਨੁਸਾਰ ਪਾਇਲਟ ਨੇ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੇ ਨਾਲ ਸਿੱਧੇ ਤੌਰ ‘ਤੇ ਜੋੜ ਲਿਆ ਹੈ ਭਾਵ ਕਿ ਜ਼ਿਲ੍ਹਾ ਪ੍ਰਧਾਨਾਂ ਨੂੰ ਸੂਬੇ ‘ਚ ਕਾਂਗਰਸ ਦੇ ਕਿਸੇ ਵੱਡੇ ਆਗੂ ਨਾਲ ਜੁੜਨ ਜਾਂ ਰਿਪੋਰਟ ਦੇਣ ਦੀ ਬਜਾਏ ਸਿੱਧੇ ਤੌਰ ‘ਤੇ ਸੂਬਾ ਇੰਚਾਰਜ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ ਸਚਿਨ ਪਾਇਲਟ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਇਕੱਠੇ ਬੁਲਾਉਣ ਦੀ ਬਜਾਏ 4-4 ਦੇ ਗਰੁੱਪਾਂ ‘ਚ ਦਿੱਲੀ ਬੁਲਾ ਕੇ ਚਰਚਾ ਸ਼ੁਰੂ ਕਰ ਦਿੱਤੀ ਹੈ। ਸਚਿਨ ਪਾਇਲਟ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਤੋਂ ਜ਼ਿਲ੍ਹਾ ਸੰਗਠਨ ਦੀ ਸਥਿਤੀ, ਹਲਕਾ ਇੰਚਾਰਜਾਂ ਦੀ ਸਰਗਰਮੀ, ਆਗੂਆਂ ਤੇ ਵਰਕਰਾਂ ‘ਚ ਤਾਲਮੇਲ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਫੀਡਬੈਕ ਲਈ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਭਰੋਸੇਯੋਗ ਅੰਦਰੂਨੀ ਸੂਤਰਾਂ ਅਨੁਸਾਰ ਸਚਿਨ ਪਾਇਲਟ ਵੱਲੋਂ ਆਪਣੇ ਪੱਧਰ ‘ਤੇ ਗੁਪਤ ਤੌਰ ‘ਤੇ ਸਾਰੇ ਪੰਜਾਬ ‘ਚ ਨਿਯੁਕਤ ਕੀਤੇ ਬਲਾਕ ਪ੍ਰਧਾਨਾਂ ਸਬੰਧੀ ਵੀ ਫੀਡਬੈਕ ਲਈ ਜਾ ਰਹੀ ਹੈ। ਸੂਤਰਾਂ ਅਨੁਸਾਰ ਪਾਇਲਟ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਪਾਰਟੀ ‘ਚ ਕਿਸੇ ਵਿਅਕਤੀਗਤ ਧੜੇਬੰਦੀ ਦੀ ਬਜਾਏ ਸੰਗਠਨ ਦੇ ਸੁਨੇਹੇ ਅਨੁਸਾਰ ਕੰਮ ਕਰਨਾ ਹੋਵੇਗਾ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਸਚਿਨ ਪਾਇਲਟ ਨੂੰ ਕੇਂਦਰੀ ਹਾਈਕਮਾਂਡ ਵੱਲੋਂ ਇਹ ਖੁੱਲੀਆਂ ਪਾਵਰਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਨੇਤਾ ਪੰਜਾਬ ‘ਚ ਧੜੇਬੰਦੀ ਨੂੰ ਹਵਾ ਦਿੰਦਾ ਹੈ ਜਾਂ ਸੰਗਨਾਤਮਕ ਅਨੁਸ਼ਾਸਨ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ।