Skip to main content

Gee 98News

ਮਾਰਕੀਟ ਕਮੇਟੀ ਮਹਿਲ ਕਲਾਂ…ਹੱਟ ਪਿੱਛੇ ਚੇਅਰਮੈਨ ਦੀ ਮੁੱਛ ਦਾ ਸਵਾਲ ਆਂ….ਦੋ ਪੁੜਾਂ ਦੀ ਫਸਗੇ ਨੇਤਾ ਜੀ…!

– ਸੁਖਵਿੰਦਰ ਦਾਸ ਬਾਵਾ ਅਤੇ ਪੁਨੀਤ ਮਾਨ ਨੇ ਇੱਕ ਦੂਜੇ ਦੇ ਨਾਮ ਦੀਆਂ ਤਖ਼ਤੀਆਂ ਪੁੱਟੀਆਂ

ਬਰਨਾਲਾ, 27 ਸਤੰਬਰ, (ਨਿਰਮਲ ਸਿੰਘ ਪੰਡੋਰੀ)-

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਤਖ਼ਤੋ ਤਖ਼ਤੀ ਹੋ ਗਏ ਹਨ। ਮਾਰਕੀਟ ਕਮੇਟੀ ਮਹਿਲਕਲਾਂ ਦੇ ਪਹਿਲਾਂ ਨਿਯੁਕਤ ਹੋਏ ਚੇਅਰਮੈਨ ਸੁਖਵਿੰਦਰ ਦਾਸ ਬਾਵਾ ਨੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਪਨੀਤ ਮਾਨ ਦੀ ਤਖ਼ਤੀ ਮਾਰਕੀਟ ਕਮੇਟੀ ਮਹਿਲ ਕਲਾ ਦੇ ਦਫ਼ਤਰ ਤੇ ਦਰਵਾਜ਼ੇ ਤੋਂ ਲਾਹ ਦਿੱਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕੁਝ ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਲਗਾਏ ਗਏ ਸਨ ਜਿਨ੍ਹਾਂ ਸਬੰਧੀ ਜਾਰੀ ਕੀਤੀ ਸੂਚੀ ਵਿੱਚ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਚੇਅਰਮੈਨ ਬਦਲ ਕੇ ਪੁਨੀਤ ਮਾਨ ਨੂੰ ਨਵਾਂ ਚੇਅਰਮੈਨ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਪੁਨੀਤ ਮਾਨ ਵੱਲੋਂ ਪਹਿਲਾਂ ਵਾਲੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ ਦੇ ਨਾਮ ਦੀ ਤਖ਼ਤੀ ਉਤਾਰ ਕੇ ਆਪਣੇ ਨਾਮ ਦੀ ਤਖ਼ਤੀ ਲਗਾ ਦਿੱਤੀ ਗਈ ਸੀ, ਅੱਜ ਬਾਅਦ ਦੁਪਹਿਰ ਸੁਖਵਿੰਦਰ ਦਾਸ ਬਾਵਾ ਮਾਰਕੀਟ ਕਮੇਟੀ ਦਫ਼ਤਰ ਆਪਣੇ ਸਮਰਥਕਾਂ ਸਮੇਤ ਪੁੱਜੇ ਅਤੇ ਉਹਨਾਂ ਨੇ ਪੁਨੀਤ ਮਾਨ ਦੇ ਨਾਮ ਦੀ ਤਖ਼ਤੀ ਉਤਾਰ ਕੇ ਦੁਬਾਰਾ ਫਿਰ ਆਪਣੇ ਨਾਮ ਦੀ ਤਖ਼ਤੀ ਮਾਰਕੀਟ ਕਮੇਟੀ ਮਹਿਲ ਕਲਾਂ ਚੇਅਰਮੈਨ ਦੇ ਦਫ਼ਤਰ ‘ਤੇ ਲਗਾ ਦਿੱਤੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੁਖਵਿੰਦਰ ਦਾਸ ਬਾਵਾ ਨੇ ਦਾਅਵਾ ਕੀਤਾ ਕਿ ਅੱਜ ਦੀ ਤਾਰੀਖ਼ ਵਿੱਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਉਹੀ ਚੇਅਰਮੈਨ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸੇ ਹੋਰ ਦੇ ਨਾਮ ਦਾ ਬਤੌਰ ਚੇਅਰਮੈਨ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਸੁਖਵਿੰਦਰ ਦਾਸ ਬਾਵਾ ਨੇ ਕਿਹਾ ਕਿ ਸਰਕਾਰ ਨੇ ਨਾ ਤਾਂ ਉਹਨਾਂ ਤੋਂ ਬਤੌਰ ਚੇਅਰਮੈਨ ਅਸਤੀਫ਼ਾ ਮੰਗਿਆ ਤੇ ਨਾ ਹੀ ਉਹਨਾਂ ਨੂੰ ਚੇਅਰਮੈਨ ਤੋਂ ਹਟਾਉਣ ਸਬੰਧੀ ਕੋਈ ਪੱਤਰ ਜਾਰੀ ਕੀਤਾ। ਇਸ ਮਾਮਲੇ ਸੰਬੰਧੀ ਮੰਡੀ ਬੋਰਡ ਪੰਜਾਬ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸਿਆਸੀ ਝਗੜਾ ਹੈ,ਇਸਦਾ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਮਹਿਲਕਲਾਂ ਦਾ ਚੇਅਰਮੈਨ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਮਹਿਲਕਲਾਂ ਵਿੱਚ ਵੱਡੀ ਧੜੇਬੰਦੀ ਪੈਦਾ ਹੋ ਚੁੱਕੀ ਹੈ। ਜਿਸ ਕਾਰਨ ਹਲਕਾ ਵਿਧਾਇਕ ਚੱਕੀ ਦੇ ਦੋ ਵੱਡੇ ਪੁੁੜਾਂ ‘ਚ ਫਸੇ ਹੋਏ ਨਜ਼ਰ ਆ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਇਸੇ ਕਰਕੇ ਹੀ ਹਲਕਾ ਵਿਧਾਇਕ ਨੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਨੂੰ ਅਜੇ ਤੱਕ ਬਤੌਰ ਚੇਅਰਮੈਨ ਕੁਰਸੀ ‘ਤੇ ਬਿਰਾਜਮਾਨ ਕਰਨ ਲਈ ਸਹੁੰ ਚੁੱਕ ਸਮਾਗਮ ਨਹੀਂ ਕਰਵਾਇਆ। ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਤਬਦੀਲੀ ਸਬੰਧੀ ਜੁੜਿਆ ਇੱਕ ਘਟਨਾਕ੍ਰਮ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਚੇਅਰਮੈਨ ਦੀ ਤਬਦੀਲੀ ਤੋਂ ਬਾਅਦ ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਵੱਧ ਗਿਣਤੀ ਵਿੱਚ ਸੁਖਵਿੰਦਰ ਦਾਸ ਬਾਵਾ ਦੇ ਖ਼ੇਮੇ ‘ਚ ਖੜੇ ਨਜ਼ਰ ਆ ਰਹੇ ਹਨ ਜਦਕਿ ਵਿਧਾਇਕ ਦੇ ਖ਼ੇਮੇ ‘ਚ ਆ ਰਿਹਾ ਹੈ। ਦੂਜੇ ਪਾਸੇ ਇਸ ਸਬੰਧੀ ਆਪਣਾ ਪੱਖ ਦਿੰਦੇ ਹੋਏ ਪੁਨੀਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 31 ਅਗਸਤ 2026 ਨੂੰ ਜਾਰੀ ਕੀਤੀ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਵਿੱਚ ਮਹਿਲਕਲਾਂ ਮਾਰਕੀਟ ਕਮੇਟੀ ਦੇ ਬਤੌਰ ਚੇਅਰਮੈਨ ਉਸ ਦਾ ਨਾਮ ਦਰਜ ਹੈ
ਜਿਸ ਦੇ ਆਧਾਰ ‘ਤੇ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਹਨ ਉਹਨਾਂ ਦੂਜੀ ਧਿਰ ਵੱਲੋਂ ਉਹਨਾਂ ਦੇ ਨਾਮ ਦੀ ਤਖ਼ਤੀ ਉਤਾਰੇ ਜਾਣ ਨੂੰ ਮੰਦਭਾਗਾ ਦੱਸਿਆ।ਅੱਜ ਮਾਰਕੀਟ ਕਮੇਟੀ ਪੁਰਾਣੇ ਚੇਅਰਮੈਨ ਵੱਲੋਂ ਨਵੇਂ ਚੇਅਰਮੈਨ ਦੀ ਤਖ਼ਤੀ ਲਾਹੁਣ ਦੇ ਘਟਨਾਕ੍ਰਮ ਤੋਂ ਬਾਅਦ ਹਲਕੇ ‘ਚ ਇਹ ਚਰਚੇ ਜ਼ੋਰਾਂ ਨਾਲ ਚੱਲੀ ਹੋਈ ਹੈ ਕਿ ਆਖਰ ਮਾਰਕਿਟ ਕਮੇਟੀ ਦਾ ਚੇਅਰਮੈਨ ਹੈ ਕੌਣ ?
ਫੋਟੋ ਕੈਪਸ਼ਨ-ਪਨੀਤ ਮਾਨ ਦੇ ਨਾਮ ਦੀ ਤਖ਼ਤੀ ਲਾਹੁਣ ਸਮੇਂ ਸੁਖਵਿੰਦਰ ਦਾਸ ਬਾਵਾ ਅਤੇ ਉਸਦੇ ਸਮਰਥਕ

Gee98 Ads
error: Content is protected !!