Skip to main content

Gee 98News

ਬੀਕੇਯੂ ਡਕੌਂਦਾ (ਧਨੇਰ) ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੇ ਬਾਈਕਾਟ ਦਾ ਐਲਾਨ

ਮੰਤਰੀ ਦਾ ਪਿੰਡਾਂ ‘ਚ ਆਉਣ ‘ਤੇ ਕਰਾਂਗੇ ਵਿਰੋਧ-ਬਾਬੂ ਸਿੰਘ ਖੁੱਡੀਕਲਾਂ
ਬਰਨਾਲਾ,12 ਫਰਵਰੀ (Gee98 news network)-
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੁੱਲਰੀਆਂ ਜ਼ਮੀਨ ਮਾਲਕਾਂ ਦੀ ਜ਼ਮੀਨ ਦੀ ਰਾਖ਼ੀ ਕਰਨ, ਕਿਸਾਨਾਂ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ, ਕਿਸਾਨ ਆਗੂਆਂ ਖ਼ਿਲਾਫ਼ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸੇ ਸੰਘਰਸ਼ ਦੀ ਕੜੀ ਵਜੋਂ ਜਥੇਬੰਦੀ ਦੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਬਰਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ ਪੱਤਰ ਦੇਣ ਪੁੱਜੇ ਸਨ। ਕਈ ਘੰਟੇ ਮੰਤਰੀ ਦੀ ਰਿਹਾਇਸ਼ ਅੱਗੇ ਬੈਠਣ ਤੋਂ ਬਾਅਦ ਵੀ ਜਦ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਮੰਗ ਪੱਤਰ ਹਾਸਲ ਦੀ ਕੋਈ ਸੂਚਨਾ ਪ੍ਰਾਪਤ ਨਾ ਹੋਈ ਨਾ ਹੀ ਮੰਤਰੀ ਦਾ ਅਧਿਕਾਰਤ ਨੁਮਾਇੰਦਾ ਮੰਗ ਪੱਤਰ ਲੈਣ ਲਈ ਪਹੁੰਚਿਆ ਤਾਂ ਰੋਹ ਵਿੱਚ ਆਏ ਬੀਕੇਯੂ ਡਕੌਂਦਾ ਦੇ ਸੈਂਕੜੇ ਵਰਕਰਾਂ ਨੇ ਕਚਹਿਰੀ ਚੌਂਕ ਤੱਕ ਮਾਰਚ ਕਰਕੇ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਚੋਣਾਂ ਮੌਕੇ ਕੈਬਨਿਟ ਮੰਤਰੀ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਕੈਬਨਿਟ ਮੰਤਰੀ ਦਾ ਪਿੰਡਾਂ ਵਿੱਚ ਆਉਣ ‘ਤੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬੋਲਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਕੁਲਰੀਆਂ ਵਿਖੇ ਜ਼ਮੀਨ ਸੰਘਰਸ਼ ਦੇ ਮਾਮਲੇ ਵਿੱਚ 5 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਸ਼ਹਿ ‘ਤੇ ਪ੍ਰਸ਼ਾਸਨ ਕੁਲਰੀਆਂ ਪਿੰਡ ਦੇ ਕਿਸਾਨਾਂ ਦਾ ਹੱਕ ਖੋਹਣ ਦੀ ਜਿੱਦ ‘ਤੇ ਅੜਿਆ ਹੋਇਆ ਹੈ ਪ੍ਰੰਤੂ ਕੁਲਰੀਆਂ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 19 ਜਨਵਰੀ ਨੂੰ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਖੇਤੀਬਾੜੀ ਮੰਤਰੀ ਗੁਰਦੀਪ ਸਿੰਘ ਖੁੱਡੀਆਂ ਨੇ ਜਥੇਬੰਦੀ ਦੇ ਵਫਦ ਨਾਲ ਮੁਲਾਕਾਤ ਕਰਕੇ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨਾਲ ਜਥੇਬੰਦੀ ਦੀ ਸੂਬਾ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਮੰਨ ਚੁੱਕਿਆ ਹੈ ਕਿ ਕੁੱਲਰੀਆਂ ਪਿੰਡ ਦੇ ਕਿਸਾਨਾਂ ਦਾ ਜ਼ਮੀਨ ਉੱਪਰ ਹੱਕ ਬਣਦਾ ਹੈ, ਪਰ ਇਹ ਲਾਰੇ ਹੀ ਸਾਬਤ ਹੋਏ ਅਤੇ ਹੁਣ ਜਥੇਬੰਦੀ ਇਸ ਮਾਮਲੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।

error: Content is protected !!