ਬਰਨਾਲਾ,13 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਨਗਰ ਕੌਸਲ ਬਰਨਾਲਾ ਵੱਲੋਂ ਹੰਡਿਆਇਆ ਵਿਖੇ ਬਣਨ ਵਾਲੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਜਗ੍ਹਾ ਸਿਹਤ ਵਿਭਾਗ ਤੋਂ ਵਾਪਸ ਲੈਣ ਸਬੰਧੀ ਪਾਸ ਕੀਤੇ ਗਏ ਮਤੇ ਤੋਂ ਬਾਅਦ ਬਰਨਾਲਾ ਦੀ ਰਾਜਨੀਤੀ ਗਰਮਾਈ ਹੋਈ ਹੈ। ਕਾਂਗਰਸ ਸਰਕਾਰ ਵੇਲੇ ਇਸ ਹਸਪਤਾਲ ਨੂੰ ਮਨਜ਼ੂਰ ਕਰਵਾਉਣ ਵਾਲੇ ਅਤੇ ਨੀਹ ਪੱਥਰ ਰਖਵਾਉਣ ਵਾਲੇ ਆਗੂ ਕੇਵਲ ਸਿੰਘ ਢਿੱਲੋ ਨੇ ਅਦਾਰਾ Gee98 news network ਗੱਲਬਾਤ ਕਰਦਿਆਂ ਸੱਤਾਧਾਰੀਆਂ ਵੱਲੋਂ ਹਸਪਤਾਲ ਦੀ ਮਨਜ਼ੂਰੀ ਨਾ ਮਿਲਣ ਸਬੰਧੀ ਕੀਤੇ ਦਾਅਵਿਆਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੱਤਾਧਾਰੀਆਂ ਦੇ ਇਹ ਦਾਅਵੇ “ਹੱਥ ਨਾ ਪੁੱਜੇ, ਥੂਹ ਕੌੜੀ” ਦੀ ਕਹਾਵਤ ਵਾਂਗ ਹੀ ਹਨ। ਕੇਵਲ ਸਿੰਘ ਢਿੱਲੋ ਨੇ ਦਾਅਵਾ ਕੀਤਾ ਕਿ ਸਬੰਧਿਤ ਜਗ੍ਹਾ ‘ਤੇ ਹਸਪਤਾਲ ਬਣਾਉਣ ਸਬੰਧੀ ਸਾਰੀਆਂ ਪ੍ਰਵਾਨਗੀਆਂ ਤੋਂ ਬਾਅਦ ਹੀ ਨੀਹ ਪੱਥਰ ਰੱਖਿਆ ਗਿਆ ਸੀ। ਢਿੱਲੋ ਨੇ ਦੋਸ਼ ਲਗਾਇਆ ਕਿ ਬਰਨਾਲਾ ਦੇ ਸੱਤਾਧਾਰੀ ਆਗੂਆਂ ਵੱਲੋਂ ਹਸਪਤਾਲ ਬਣਾਉਣ ਦੀ ਕਵਾਇਦ ਨੂੰ ਅੱਗੇ ਸ਼ੁਰੂ ਕਰਨ ਦੀ ਬਜਾਏ ਸਿਆਸੀ ਰੰਜ਼ਿਸ਼ ਤਹਿਤ ਇਸ ਯੋਜਨਾ ਨੂੰ ਖ਼ਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਵਾਲੇ ਇਸ ਹਸਪਤਾਲ ਨੂੰ ਬਣਾਉਣ ਸਬੰਧੀ ਸੱਤਾਧਾਰੀ ਆਗੂਆਂ ਨੇ ਇੱਕ ਕਦਮ ਨਹੀਂ ਪੁੱਟਿਆ, ਸਗੋਂ ਉਲਟਾ ਇਸ ਹਸਪਤਾਲ ਦੀਆਂ ਪ੍ਰਵਾਨਗੀਆਂ ਸਬੰਧੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਢਿੱਲੋ ਨੇ ਕਿਹਾ ਕਿ ਜੇਕਰ ਖੇਡ ਸਟੇਡੀਅਮ ਬਣਾਉਣਾ ਹੀ ਹੈ ਤਾਂ ਹੰਡਿਆਇਆ ਵਿਖੇ ਹੋਰ ਬਥੇਰੀ ਜ਼ਮੀਨ ਪਈ ਹੈ ਜਿੱਥੇ ਖੇਡ ਸਟੇਡੀਅਮ ਬਣਾਇਆ ਜਾ ਸਕਦਾ ਹੈ ਪ੍ਰੰਤੂ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਕਰਨ ਦੀ ਮਾੜੀ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਵਲ ਸਿੰਘ ਢਿੱਲੋ ਨੇ ਖੁਲਾਸਾ ਕੀਤਾ ਕਿ ਸਿਵਲ ਹਸਪਤਾਲ ਬਰਨਾਲਾ ਵਿੱਚ ਪ੍ਰਧਾਨ ਮੰਤਰੀ ਅਯੂਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਤਹਿਤ ਬਣਨ ਜਾ ਰਹੇ ਤਿੰਨ ਮੰਜ਼ਲਾ ਕ੍ਰਿਟੀਕਲ ਕੇਅਰ ਸੈਂਟਰ ਦਾ ਸਿਹਰਾ ਸਥਾਨਕ ਸੱਤਾਧਾਰੀ ਆਗੂਆਂ ਨੇ ਲੈਣ ਲਈ ਆਪਣੇ “ਰਾਜਨੀਤਿਕ ਸਿਰਾਂ ‘ਤੇ ਝੂਠ ਦੀਆਂ ਪੱਗਾਂ” ਸਜਾ ਲਈਆਂ ਹਨ ਪਰੰਤੂ ਲੋਕ ਜਾਣਦੇ ਹਨ ਕਿ ਇਹ ਕ੍ਰਿਟੀਕਲ ਕੇਅਰ ਸੈਂਟਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪਹਿਲ ਸਦਕਾ ਸਮੁੱਚੇ ਦੇਸ਼ ਵਿੱਚ ਬਣਾਏ ਜਾ ਰਹੇ ਅਜਿਹੇ ਕੇਅਰ ਸੈਂਟਰਾਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਨਗਰ ਕੌਂਸਲ ਦੀ ਮੀਟਿੰਗ ਵਿੱਚ ਹਸਪਤਾਲ ਬਣਾਉਣ ਲਈ ਸਿਹਤ ਵਿਭਾਗ ਨੂੰ ਦਿੱਤੀ ਜਗ੍ਹਾ ਵਾਪਸ ਲੈਣ ਸਬੰਧੀ ਮਤਾ ਪਾਸ ਕਰਕੇ ਖੇਡ ਸਟੇਡੀਅਮ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਸੱਤਾਧਾਰੀ ਧਿਰ ਨਾਲ ਸਬੰਧਤ ਆਗੂਆਂ ਨੇ ਸਿਹਤ ਵਿਭਾਗ ਤੋਂ ਜ਼ਮੀਨ ਵਾਪਸ ਲੈਣ ਸਬੰਧੀ ਪਾਸ ਕੀਤੇ ਮਤੇ ਬਾਰੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਕਤ ਹਸਪਤਾਲ ਬਣਾਉਣ ਸਬੰਧੀ ਨੀਂਹ ਪੱਥਰ ਰੱਖਣ ਤੋਂ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰੰਤੂ ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਨੀਂਹ ਪੱਥਰ ਰੱਖਣ ਵਾਲਿਆਂ ਨੇ ਹਸਪਤਾਲ ਬਣਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਰਕਾਰ ਦੇ ਦੋ ਸਾਲਾਂ ਦੌਰਾਨ ਮੌਜੂਦਾ ਸੱਤਾਧਾਰੀ ਧਿਰ ਵੱਲੋਂ ਹਸਪਤਾਲ ਬਣਾਉਣ ਸਬੰਧੀ ਕੀ ਕਾਰਵਾਈ ਕੀਤੀ ਗਈ, ਜਦ ਕਿ ਸਬੰਧਤ ਮਹਿਕਮੇ ਨੂੰ ਜ਼ਮੀਨ ਦੇਣ ਸਬੰਧੀ ਵੱਡੀ ਕਾਰਵਾਈ ਮੁਕੰਮਲ ਹੋ ਹੀ ਚੁੱਕੀ ਸੀ।
