ਚੰਡੀਗੜ੍ਹ, 27 ਮਾਰਚ, Gee98 news service –
-ਉਮਰ ਦੇ 48ਵੇਂ ਵਰ੍ਹੇ ‘ਚ ਪੁੱਜੇ ਜੈਜ਼ੀ ਬੀ ਨੂੰ ਜੇਕਰ ਔਰਤ ਵਰਗ ਦੀ ਇੱਜ਼ਤ ਕਰਨ ਦਾ ਸਲੀਕਾ ਨਹੀਂ ਤਾਂ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਜੈਜ਼ੀ ਬੀ ਵੀ ਅਕਲੋਂ ਕੱਚਾ ਹੀ ਹੈ। ਇਹ ਸ਼ਬਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਦੇ ਹਨ। ਜ਼ਿਕਰਯੋਗ ਹੈ ਕਿ ਜੈਜ਼ੀ ਬੀ ਨੇ ਆਪਣਾ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ “ਮੜ੍ਹਕ ਸ਼ੌਕੀਨਾਂ ਦੀ”,ਜਿਸ ਵਿੱਚ ਜੈਜ਼ੀ ਬੀ ਨੇ ਔਰਤ ਵਰਗ ਲਈ “ਭੇਡ” ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਸਮੁੱਚੇ ਔਰਤ ਵਰਗ ਵਿੱਚ ਜੈਜ਼ੀ ਬੀ ਦੇ ਖ਼ਿਲਾਫ਼ ਰੋਸ ਦੀ ਲਹਿਰ ਹੈ। ਔਰਤਾਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸਰਕਾਰ ਤੋਂ ਜੈਜ਼ੀ ਬੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਵੀ ਸੀਨੀਅਰ ਪੱਤਰਕਾਰ ਅਤੇ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਵੱਲੋਂ ਟਰੱਸਟ ਨੂੰ ਭਰੋਸਾ ਦਿੱਤਾ ਗਿਆ ਕਿ ਗਾਇਕ ਜੈਜ਼ੀ ਬੀ ਨੂੰ ਇਸ ਸਬੰਧੀ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਨਿੰਦਣਯੋਗ ਹੈ ਜਿਸ ਦਾ ਨੋਟਿਸ ਜ਼ਰੂਰ ਲਿਆ ਜਾਵੇਗਾ।










