Gee 98News

MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ

ਬਰਨਾਲਾ, 8 ਮਾਰਚ, (ਨਿਰਮਲ ਸਿੰਘ ਪੰਡੋਰੀ)-

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਸੂਬੇ ਦੀਆਂ ਔਰਤਾਂ ਲਈ ਅਹਿਮ ਅਤੇ ਇਤਿਹਾਸਕ ਐਲਾਨ ਕੀਤਾ ਗਿਆ ਹੈ। ਸੂਬੇ ਦੀਆਂ ਔਰਤਾਂ ਲਈ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਦੇ ਆਗਾਜ਼ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਸੂਬੇ ਦੀਆਂ ਬਾਲਗ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧਾ ਬੈਂਕ ਖਾਤਿਆਂ ਵਿੱਚ ਪਾਇਆ ਜਾਵੇਗਾ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ, ਉਹ ਚਾਰ ਸਾਲਾਂ ਦੇ ਅੰਦਰ ਅੰਦਰ ਨਿਭਾਏ ਹਨ,ਅੱਜ ਬਹੁਤ ਹੀ ਬਿਹਤਰੀਨ ਬਜਟ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਹੈ ਜਿਸ ਲਈ ਉਹ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਨ। ਉਹਨਾਂ ਕਿਹਾ ਕਿ ਇਹ ਬਜਟ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ, ਕਿਸਾਨਾਂ, ਆਮ ਲੋਕਾਂ ਸਮੇਤ ਸਾਰੇ ਵਰਗਾਂ ਅਤੇ ਖੇਤਰਾਂ ‘ਤੇ ਕੇਂਦ੍ਰਿਤ ਹੈ।
                                                                             ਉਹਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਖੇਡਾਂ ਦੇ ਖੇਤਰ ਨੂੰ ਬੇਹੱਦ ਤਰਜੀਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਖੇਡਾਂ ਦਾ ਜਿਹੜਾ ਬਜਟ ਸਿਰਫ਼ 147 ਕਰੋੜ ਤੱਕ ਹੀ ਸੀ, ਉਹ ਮਾਨ ਸਰਕਾਰ ਵਲੋਂ ਵਧਾ ਕੇ 1800 ਕਰੋੜ ਰੁਪਏ ਕੀਤਾ ਗਿਆ। ਉਹਨਾਂ ਕਿਹਾ ਕਿ ਤਕਰੀਬਨ 12 ਗੁਣਾ ਸਿਰਫ਼ ਖੇਡਾਂ ਦਾ ਬਜਟ ਵਧਾਇਆ ਗਿਆ ਜਿਸ ਬਦੌਲਤ ਪਿੰਡਾਂ ਵਿਚ ਖੇਡ ਮੈਦਾਨਾਂ ਲਈ ਫੰਡ ਜਾਰੀ ਕੀਤੇ ਗਏ ਜਿਸ ਨਾਲ ਪਿੰਡਾਂ ਦੇ ਖੇਡ ਢਾਂਚੇ ਦੀ ਨੁਹਾਰ ਬਦਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ 3000 ਖੇਡ ਮੈਦਾਨ ਪਿਛਲੇ ਸਾਲ ਬਣੇ ਹਨ ਅਤੇ ਇੰਨੇ ਹੀ ਖੇਡ ਮੈਦਾਨ ਇਸ ਸਾਲ ਬਣਨੇ ਹਨ। ਓਹਨਾਂ ਕਿਹਾ ਕਿ ਜਿਹੜਾ ਖੇਡ ਸੱਭਿਆਚਾਰ ਪਿਛਲੇ ਸਮੇਂ ਵਿੱਚ ਸੂਬੇ ‘ਚ ਖਤਮ ਹੋ ਚੁੱਕਿਆ ਸੀ, ਉਹ ਸਰਕਾਰ ਦੇ ਉਪਰਾਲਿਆਂ ਨਾਲ ਮੁੜ ਤੋਂ ਉਤਸ਼ਾਹਿਤ ਹੋਇਆ ਹੈ। ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਪਿੰਡਾਂ ਦੇ ਖੇਡ ਮੈਦਾਨਾਂ ਵਿੱਚੋਂ ਨਿਕਲ ਕੇ ਖਿਡਾਰੀ ਏਸ਼ੀਅਨ ਖੇਡਾਂ ਅਤੇ ਉਲੰਪਿਕਸ ਤੱਕ ਜਾਣਗੇ ਅਤੇ ਸੂਬੇ ਨੂੰ ਮੁੜ ਤੋਂ ਨੰਬਰ ਇੱਕ ‘ਤੇ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਅੱਜ ਵਿੱਤ ਮੰਤਰੀ ਪੰਜਾਬ ਵਲੋਂ ਲੋਕਪੱਖੀ ਅਤੇ ਵਿਕਾਸਮੁਖੀ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਸਾਡਾ ਸੂਬਾ “ਰੰਗਲਾ ਪੰਜਾਬ” ਬਣੇਗਾ।
ਕੈਪਸ਼ਨ: ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮੌਜੂਦ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ।

error: Content is protected !!