Skip to main content

Gee 98News

ਲੋਕਤੰਤਰ ਦੀ ਖ਼ੂਬਸੂਰਤੀ : ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੰਨੀ ਨੇ ਭਗਵੰਤ ਮਾਨ ਦੀ ਮਾਤਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

ਚੰਡੀਗੜ੍ਹ,18 ਅਪ੍ਰੈਲ, Gee98 news service
-ਅਜੋਕੇ ਦੌਰ ਦੀ ਰਾਜਨੀਤੀ ਵਿੱਚ ਸਹਿਣਸ਼ੀਲਤਾ ਦਾ ਗੁਣ ਰਾਜਨੀਤਿਕ ਨੇਤਾਵਾਂ ਵਿੱਚ ਘੱਟ ਹੀ ਵੇਖਣ ਨੂੰ ਮਿਲ ਰਿਹਾ ਹੈ।‌ ਚੋਣ ਪ੍ਰਚਾਰ ਦੌਰਾਨ ਤਾਂ ਸਾਰੇ ਪਾਰਟੀਆਂ ਦੇ ਲੀਡਰ ਇਕ ਦੂਜੇ ਨੂੰ ਟੇਢੀ ਅੱਖ ਨਾਲ ਹੀ ਵੇਖਦੇ ਹਨ ਪ੍ਰੰਤੂ ਫਿਰ ਵੀ ਪੰਜਾਬ ਦੀਆਂ ਸੱਭਿਆਚਾਰਕ ਅਤੇ ਆਪਸੀ ਭਾਈਚਾਰਕ ਸਾਂਝ ਦੀਆਂ ਰਵਾਇਤਾਂ ਅਨੁਸਾਰ ਪੰਜਾਬ ਦੇ ਕੁਝ ਸਮਾਗਮ ਅਜਿਹੇ ਹਨ ਜਿੱਥੇ ਇੱਕੋ ਸਟੇਜ ‘ਤੇ ਸਾਰੀਆਂ ਪਾਰਟੀਆਂ ਦੇ ਨੇਤਾ ਇਕੱਠੇ ਹੋ ਕੇ ਬੈਠਦੇ ਹਨ। ਪੰਜਾਬ ਦੇ ਕੁਝ ਕੁ ਨੇਤਾ ਅਜਿਹੇ ਵੀ ਹਨ ਜਿਹੜੇ ਸਾਂਝੀਆਂ ਸਟੇਜਾਂ ‘ਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਫ਼ਰਾਖ਼ਦਿਲੀ ਅਤੇ ਨਿਮਰਤਾ ਨਾਲ ਮਿਲਦੇ ਹਨ, ਇਹਨਾਂ ਵਿੱਚੋਂ ਇੱਕ ਨਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਦੌਰਾਨ ਪੰਜਾਬ ਦੇ ਜਲੰਧਰ ‘ਚ ਸਿਆਸਤ ਦੀ ਚੰਗੀ ਤਸਵੀਰ ਸਾਹਮਣੇ ਆਈ ਹੈ। ਜਲੰਧਰ ਦੇ ਸ਼੍ਰੀ ਸਿੱਧ ਸ਼ਕਤੀਪੀਠ ਦੇਵੀ ਤਾਲਾਬ ਮੰਦਰ ਵਿਖੇ ਸ਼੍ਰੀ ਰਾਮ ਨੌਮੀ ਦੇ ਮੌਕੇ ‘ਤੇ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ। ਇਕੋ ਮੰਚ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ, ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ। ‌ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣ ਸਮੇਂ ਦੇ ਤੌਰ ਤਰੀਕਿਆਂ ਨੇ ਸਭ ਦਾ ਧਿਆਨ ਖਿੱਚਿਆ। ‌ ਸਾਬਕਾ ਸੀਐਮ ਚੰਨੀ ਨੇ ਸਮਾਗਮ ਵਿੱਚ ਹਾਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਵਿਸਕਾਰ ਕੁਝ ਗੁਫਤਗੂ ਵੀ ਹੋਈ। ‌ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਾਗਮ ‘ਚ ਸ਼ਾਮਿਲ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਨੂੰ ਘੁੱਟ ਕੇ ਜੱਫ਼ੀ ਵੀ ਪਾਈ। ਲੋਕੇ ਤੌਰ ਤੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਕੁਝ ਕੁ ਆਗੂ ਅਜਿਹੇ ਹਨ ਜਿਹੜੇ ਆਪਣੇ ਨਫਰਤੀ ਭਾਸ਼ਣ ਨਾਲ ਮਾਹੌਲ ਖਰਾਬ ਕਰ ਰਹੇ ਹਨ। ‌ ਕੁਝ ਆਗੂ ਤਾਂ ਆਪਣੇ ਸਿਆਸੀ ਵਿਰੋਧੀਆਂ ਦੇ ਪਰਿਵਾਰਿਕ ਮੈਂਬਰਾਂ ਇਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਆਪਣੇ ਭਾਸ਼ਣ ਦਾ ਹਿੱਸਾ ਬਣਾ ਕੇ ਆਪਣੀ ਅਕਲ ਦਾ ਜਲੂਸ ਕਰ ਰਹੇ ਹਨ। ਆਮ ਲੋਕ ਆਪਣੇ ਇਹਨਾਂ ਨੇਤਾਵਾਂ ਦੇ ਮਗਰ ਲੱਗ ਕੇ ਆਪਸੀ ਭਾਈਚਾਰਾ ਖਰਾਬ ਕਰ ਰਹੇ ਹਨ, ਅਸਲ ਵਿੱਚ ਅਜਿਹਾ ਹੋਣਾ ਨਹੀਂ ਚਾਹੀਦਾ। ਸਿਆਸੀ ਲੜਾਈ ਸਿਆਸੀ ਪਲੇਟਫਾਰਮ ਤੱਕ ਇਹ ਸੀਮਤ ਰਹਿਣੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਹੁੰਦੇ ਸਮੇਂ ਵੀ ਆਪਣੇ ਸਿਆਸੀ ਵਿਰੋਧੀਆਂ ਨਾਲ ਨਿਮਰਤਾ ਨਾਲ ਮਿਲਦੇ ਹੋਏ ਵੇਖਿਆ ਜਾਂਦਾ ਰਿਹਾ ਹੈ। ਇਹੋ ਲੋਕਤੰਤਰ ਦੀ ਖ਼ੂਬਸੂਰਤੀ ਹੈ ਅਤੇ ਜਿਹੜੇ ਨੇਤਾ ਆਪਣੇ ਨਫਰਤੀ ਭਾਸ਼ਣ ਨਾਲ ਲੋਕਤੰਤਰ ਦੀ ਇਸ ਖ਼ੂਬਸੂਰਤੀ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ ਆਮ ਲੋਕਾਂ ਨੂੰ ਅਜਿਹੇ ਨੇਤਾਵਾਂ ਨੂੰ ਸ਼ੀਸ਼ਾ ਵਿਖਾਉਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ।

error: Content is protected !!