Gee 98News

ਬਰਨਾਲਾ ‘ਚ ਨਹੀਂ ਰੁਕ ਰਹੀ ਗਊ ਤਸਕਰੀ,ਗਊ ਸੇਵਕਾਂ ‘ਚ ਪ੍ਰਸ਼ਾਸਨ ਪ੍ਰਤੀ ਰੋਸ..ਤਕੜੇ ਸੰਘਰਸ਼ ਦੀ ਚਿਤਾਵਨੀ

ਬਰਨਾਲਾ,31 ਮਈ, Gee98 news service
-ਲੋਕ ਸਭਾ ਚੋਣਾਂ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਬਰਨਾਲਾ ਵਿੱਚ ਗਊਵੰਸ਼ ਦੀ ਤਸਕਰੀ ਤੋਂ ਗਊ ਸੇਵਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜਿਆ ਹੋਇਆ ਹੈ। ਪਿਛਲੇ ਦਿਨੀ ਸ਼ਹਿਣਾ ਵਿਖੇ ਤਸਕਰੀ ਲਈ ਲਿਜਾਈਆਂ ਜਾ ਰਹੀਆਂ 13 ਗਾਵਾਂ (3 ਵੱਛਿਆਂ ਸਮੇਤ) ਨਾਲ ਭਰਿਆ ਹੋਇਆ ਇੱਕ ਟਰੱਕ ਗਊ ਸੇਵਕਾਂ ਨੇ ਫੜਿਆ ਜਿਸ ਤੋਂ ਬਾਅਦ ਗਊ ਸੇਵਕਾਂ ਦੇ ਮਨਾਂ ਅੰਦਰਲਾ ਰੋਸ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਗਊ ਸੇਵਕ ਵੱਡਾ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਜੇਪੀ ਤਪਾ ਮੰਡਲ ਦੇ ਪ੍ਰਧਾਨ ਸਾਹਿਲ ਬਾਂਸਲ, ਭਦੌੜ ਮੰਡਲ ਦੇ ਪ੍ਰਧਾਨ ਰਕੇਸ਼ ਕੁਮਾਰ ਟੀਟੂ ਅਤੇ ਸਹਿਣਾ ਮੰਡਲ ਦੇ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਹ ਟਰੱਕ ਰੋਕਿਆ ਜਿਸ ਵਿੱਚੋਂ ਗਾਵਾਂ ਨੂੰ ਉਤਾਰ ਕੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਪਿੰਡ ਦੀ ਗਊਸ਼ਾਲਾ ਵਿੱਚ ਛੱਡਿਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾ ਸਹਿ ਮੁਖੀ ਵਿਜੇ ਮਾਰਵਾੜੀ ਵੀ ਪੁੱਜੇ, ਜਿਨ੍ਹਾਂ ਨੇ ਦੱਸਿਆ ਕਿ ਤਸਕਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਗਾਵਾਂ ਦੇ ਥਣਾਂ ਵਿੱਚ ਹਵਾ ਭਰ ਦਿੰਦੇ ਹਨ ਤਾਂ ਜੋ ਉਹ ਦੁਧਾਰੂ ਪਸ਼ੂ ਲੱਗਣ। ਉਹਨਾਂ ਕਿਹਾ ਕਿ ਇਸ ਟਰੱਕ ਵਿੱਚੋਂ ਫੜੇ ਗਏ ਗਊਵੰਸ਼ ਦੇ ਥਣਾਂ ਵਿੱਚ ਵੀ ਹਵਾ ਭਰੀ ਹੋਈ ਸੀ। ਉਹਨਾਂ ਦੱਸਿਆ ਕਿ ਗਾਵਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਲੋਕਲ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਪ੍ਰੰਤੂ ਉਹਨਾਂ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਡਿਪਟੀ ਡਾਇਰੈਕਟਰ ਲਖਵੀਰ ਸਿੰਘ ਨਾਲ ਗੱਲ ਕੀਤੀ ਹੈ ਤੇ ਉਹਨਾਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਪਰੰਤੂ ਉਹਨਾਂ ਦਾ ਵੀ ਡਾਕਟਰ ਨੇ ਫੋਨ ਨਹੀਂ ਚੁੱਕਿਆ। ਉਹਨਾਂ ਦੱਸਿਆ ਕਿ ਇਸ ਦੌਰਾਨ ਭੁੱਖ ਅਤੇ ਪਿਆਸ ਕਾਰਨ ਇੱਕ ਵੱਛੇ ਦੀ ਮੌਤ ਵੀ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਭਾਵੇਂ ਬਣਦੀ ਕਾਰਵਾਈ ਤਾਂ ਕੀਤੀ ਹੈ ਪਰ ਗਊ ਸੇਵਕਾਂ ਦਾ ਰੋਸ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਕੁਝ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ ਗਾਵਾਂ ਦੀ ਤਸਕਰੀ ਹੋ ਰਹੀ ਹੈ ਜਿਸ ਸੰਬੰਧੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਪ੍ਰੰਤੂ ਇਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ। ‌ ਇਸ ਮੌਕੇ ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ, ਸਾਹਿਲ ਬਾਂਸਲ, ਰਕੇਸ਼ ਕੁਮਾਰ ਟੀਟੂ, ਹਰਜੀਤ ਸਿੰਘ ਪਟਵਾਰੀ ਅਤੇ ਗਊ ਸੇਵਕਾਂ ਨੇ ਕਿਹਾ ਕਿ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਬਰਨਾਲਾ ‘ਚ ਗਊਵੰਸ਼ ਦੀ ਤਸਕਰੀ ਹੋ ਰਹੀ ਹੈ ਜਿਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਤਕੜਾ ਸੰਘਰਸ਼ ਕੀਤਾ ਜਾਵੇਗਾ।

error: Content is protected !!