Gee 98News

31 ਸਾਲ ਪੁਰਾਣੇ ਮਾਮਲੇ ‘ਚ ਸਾਬਕਾ DIG ਨੂੰ 7 ਸਾਲ ਅਤੇ ਸਾਬਕਾ ਡੀਐਸਪੀ ਨੂੰ ਉਮਰ ਕੈਦ ਦੀ ਸਜ਼ਾ ਹੋਈ

ਚੰਡੀਗੜ੍ਹ,7 ਜੂਨ, Gee98 news service
-ਮੋਹਾਲੀ ਦੀ CBI ਦੀ ਵਿਸ਼ੇਸ਼ ਅਦਾਲਤ ਵਲੋਂ 1993 ਦੇ ਝੂਠੇ ਪੁਲੀਸ ਮੁਕਾਬਲੇ ਵਿਚ ਗੁਲਸ਼ਨ ਕੁਮਾਰ ਦੀ ਮੌਤ ਅਤੇ ਉਸ ਦੀ ਲਾਸ਼ ਨੂੰ ਲਾਵਾਰਿਸ ਦਸ ਕੇ ਸਸਕਾਰ ਕਰਨ ਦੇ ਦੋਸ਼ ਵਿੱਚ ਦੋ ਪੁਲੀਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਹੈ। CBI ਦੀ ਵਿਸ਼ੇਸ਼ ਅਦਾਲਤ ਦੇ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ ਸਾਬਕਾ DIG ਦਿਲਬਾਗ ਸਿੰਘ ਨੂੰ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਜੁਰਮਾਨਾ ਅਤੇ ਸਾਬਕਾ DSP ਗੁਰਬਚਨ ਸਿੰਘ ਨੂੰ ਉਮਰਕੈਦ ਦੇ ਨਾਲ 2 ਲੱਖ ਰੁਪਏ ਜ਼ੁਰਮਾਨਾ ਲਗਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਸ CBI ਨੇ ਚਮਨ ਲਾਲ ਦੀ ਸ਼ਿਕਾਇਤ ‘ਤੇ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਅਨੁਸਾਰ 22-06-1993 ਨੂੰ ਉਸ ਸਮੇਂ ਦੇ DSP ਦਿਲਬਾਗ ਸਿੰਘ ਅਤੇ SHO ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵਲੋਂ ਉਸਨੂੰ ਅਤੇ ਉਸਦੇ ਪੁੱਤਰਾਂ ਪਰਵੀਨ ਕੁਮਾਰ, ਬੌਬੀ ਕੁਮਾਰ ਅਤੇ ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਵਲੋਂ ਕੁੱਝ ਦਿਨਾਂ ਬਾਅਦ ਗੁਲਸ਼ਨ ਕੁਮਾਰ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਚਮਨ ਲਾਲ ਨੇ ਦੋਸ਼ ਲਗਾਇਆ ਸੀ ਕਿ ਗੁਲਸ਼ਨ ਕੁਮਾਰ (ਜੋ ਕਿ ਸਬਜ਼ੀ ਵਿਕਰੇਤਾ ਸੀ) ਪੁਲੀਸ ਥਾਣਾ ਸਿਟੀ ਤਰਨਤਾਰਨ ਵਿਖੇ ਕਾਨੂੰਨੀ ਹਿਰਾਸਤ ਵਿਚ ਰਿਹਾ ਅਤੇ ਫਿਰ 22 ਜੁਲਾਈ 1993 ਨੂੰ ਉਸ ਨੂੰ ਤਿੰਨ ਹੋਰ ਵਿਅਕਤੀਆਂ ਨਾਲ ਇਕ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਦਿਤਾ ਗਿਆ ਅਤੇ ਉਸ ਦੀ ਲਾਸ਼ ਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਗਿਆ ਅਤੇ ਪੁਲੀਸ ਵਲੋਂ ਲਾਸ਼ ਨੂੰ ਲਾਵਾਰਿਸ ਕਹਿ ਕੇ ਉਸਦਾ ਸਸਕਾਰ ਕਰ ਦਿਤਾ ਗਿਆ। ਪੰਜਾਬ ਪੁਲੀਸ ਵੱਲੋਂ ਲਾਵਾਰਿਸ ਲਾਸ਼ਾਂ ਦੇ ਵੱਡੇ ਪੱਧਰ ਤੇ ਸਸਕਾਰ ਕਰਨ ਬਾਰੇ ਸੁਪਰੀਮ ਕੋਰਟ ਦੇ 15 ਨਵੰਬਰ 1995 ਦੇ ਹੁਕਮਾਂ ਦੀ ਪਾਲਣਾ ਕਰਦਿਆਂ, 28 ਫਰਵਰੀ 1997 ਨੂੰ CBI ਨੇ DSP ਦਿਲਬਾਗ ਸਿੰਘ ਅਤੇ ਹੋਰਾਂ ਵਿਰੁਧ ਅਗ਼ਵਾ, ਗ਼ੈਰ-ਕਾਨੂੰਨੀ ਹਿਰਾਸਤ ਮਾਮਲੇ ਸਬੰਧੀ ਕੇਸ ਦਰਜ ਕੀਤਾ ਸੀ। ਗੁਲਸ਼ਨ ਕੁਮਾਰ ਨੂੰ ਝੂਠੇ ਪੁਲੀਸ ਮੁਕਾਬਲੇ ਵਿਚ ਮਾਰੇ ਜਾਣ ਸੰਬੰਧੀ 7 ਮਈ 1999 ਨੂੰ ਤਫ਼ਤੀਸ਼ ਮੁਕੰਮਲ ਕਰ ਕੇ ਜ਼ਿਲ੍ਹਾ ਤਰਨਤਾਰਨ ਦੇ ਪੁਲੀਸ ਅਧਿਕਾਰੀਆਂ DSP ਦਿਲਬਾਗ ਸਿੰਘ, ਇੰਸਪੈਕਟਰ ਗੁਰਬਚਨ ਸਿੰਘ ASI ਅਰਜੁਨ ਸਿੰਘ, ASI ਦਵਿੰਦਰ ਸਿੰਘ ਅਤੇ ASI ਬਲਬੀਰ ਸਿੰਘ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਗਈ ਪਰ ਮੁਕੱਦਮੇ ਦੌਰਾਨ ਮੁਲਜ਼ਮ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਖ਼ਤਮ ਕਰ ਦਿਤੀ ਗਈ ਸੀ।
ਫੋਟੋ ਕੈਪਸ਼ਨ-ਮ੍ਰਿਤਕ ਗੁਲਸ਼ਨ ਕੁਮਾਰ ਦੀ ਫਾਈਲ ਫੋਟੋ

error: Content is protected !!