Skip to main content

Gee 98News

ਬਰਨਾਲਾ ਜ਼ਿਮਨੀ ਚੋਣ : ਜੇਤੂ ਚਿਹਰੇ ‘ਤੇ ਦਾਅ ਖੇਡੇਗੀ AAP….CM ਮਾਨ ਦੇ ਭਰੋਸੇਯੋਗ ਸਾਥੀ ਦੇ ਨਾਮ ਦੀ ਚਰਚਾ ਸ਼ੁਰੂ….!

ਬਰਨਾਲਾ,13 ਜੂਨ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਉੰਝ ਭਾਵੇਂ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਰਸਮੀ ਤੌਰ ‘ਤੇ ਵਿਧਾਇਕੀ ਤੋਂ ਅਸਤੀਫ਼ਾ ਵੀ ਨਹੀਂ ਦਿੱਤਾ ਪਰੰਤੂ ਬਰਨਾਲਾ ‘ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਚੋਣਾਂ ਦੇ ਮਾਹੌਲ ‘ਚ ਵਿੱਤੀ ਅਤੇ ਸਿਆਸੀ ਜੁਗਾੜ ਲਾਉਣ ਵਾਲਿਆਂ ਦੇ ਚਿਹਰੇ ‘ਤੇ ਜਿੱਥੇ ਬਰਨਾਲਾ ਦੀ ਜ਼ਿਮਨੀ ਚੋਣ ਦੀ ਦਸਤਕ ਨੇ ਰੌਣਕ ਲਿਆ ਦਿੱਤੀ ਹੈ ਉੱਥੇ ਇਸ ਜ਼ਿਮਨੀ ਚੋਣ ਲਈ ਟਿਕਟ ਦੇ ਦਾਅਵੇਦਾਰਾਂ ਨੇ ਧਾਰਮਿਕ ਅਸਥਾਨਾਂ ‘ਤੇ ਨੱਕ ਰਗੜਨ ਦੇ ਨਾਲ ਨਾਲ ਸਿਆਸੀ ਗੋਟੀਆਂ ਵੀ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸੇ ਵੀ ਹਲਕੇ ਦੀ ਜ਼ਿਮਨੀ ਚੋਣ ਦਾ ਸਭ ਤੋਂ ਵੱਧ ਦਬਾਅ ਸੱਤਾਧਾਰੀ ਪਾਰਟੀ ‘ਤੇ ਹੀ ਹੁੰਦਾ ਹੈ ਕਿਉਂਕਿ ਜੇਕਰ ਜ਼ਿਮਨੀ ਚੋਣ ਦਾ ਨਤੀਜਾ 19-21 ਹੋ ਜਾਵੇ ਤਾਂ ਸੱਤਾਧਾਰੀ ਪਾਰਟੀ ਦੀ ਲੋਕਪ੍ਰਿਅਤਾ ‘ਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਦੀ ਜ਼ਿਮਨੀ ਚੋਣ ਨੂੰ ਹਲਕੇ ਢੰਗ ਨਾਲ ਨਹੀਂ ਲੈਣਗੇ। 2019 ਦੀ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਹਲਕੇ ਢੰਗ ਵਿੱਚ ਲੈਣ ਦਾ ਸਵਾਦ ਭਗਵੰਤ ਮਾਨ ਚਖ ਵੀ ਚੁੱਕੇ ਹਨ। ਬਰਨਾਲਾ ਜ਼ਿਮਨੀ ਚੋਣ ਇਸੇ ਕਰਕੇ ਵੀ ਸੁਰਖੀਆਂ ਵਿੱਚ ਰਹੇਗੀ ਕਿਉਂਕਿ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨਿਆ ਜਾ ਰਿਹਾ ਅਤੇ ਬਰਨਾਲਾ ਵਿਧਾਨ ਸਭਾ ਹਲਕਾ ਇਸੇ ਦਾ ਹੀ ਹਿੱਸਾ ਹੈ। ਕਨਸੋਆਂ ਹਨ ਕਿ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਦੀ ਟਿਕਟ ਆਪਣੀ ਝੋਲੀ ਵਿੱਚ ਰੱਖਣ ਦੇ ਚਾਹਵਾਨ ਹਨ ਤੇ ਉਹਨਾਂ ਨੇ ਇਹ ਕਵਾਇਦ ਸ਼ੁਰੂ ਵੀ ਕਰ ਦਿੱਤੀ ਹੈ। ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜ਼ਿਮਨੀ ਚੋਣ ਦੇ ਮਾਮਲੇ ‘ਚ ਕੋਈ ਰਿਸਕ ਨਹੀਂ ਲੈਣਾ ਚਾਹੁਣਗੇ, ਇਸ ਕਰਕੇ ਟਿਕਟ ਦਾ ਫੈਸਲਾ ਸਿਰਫ਼ ਤੇ ਸਿਰਫ ਜੇਤੂ ਚਿਹਰੇ ਦੇ ਸੰਦਰਭ ਵਿੱਚ ਹੀ ਹੋਵੇਗਾ। ‌ ਬਰਨਾਲਾ ਜ਼ਿਮਨੀ ਚੋਣ ਲਈ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਵੱਲੋਂ “ਵੱਡੇ ਚਿਹਰੇ” ਦੀ ਆਮਦ ਦੀ ਚਰਚਾ ਵੀ ਹੋ ਰਹੀ ਹੈ। ਲੋਕ ਸਭਾ ਚੋਣਾਂ ‘ਚ ਮੀਤ ਹੇਅਰ ਦੀ ਚੋਣ ਮੁਹਿੰਮ ‘ਚ ਸੰਕਟਮੋਚਨ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਮੁੱਖ ਮੰਤਰੀ ਦੇ ਅਤੀ ਭਰੋਸੇਯੋਗ ਸਾਥੀ ਬਲਤੇਜ ਪੰਨੂ ਨੇ ਵੀ ਬਰਨਾਲਾ ਦੀ ਜ਼ਿਮਨੀ ਚੋਣ ‘ਤੇ ਅੱਖ ਰੱਖੀ ਹੋਈ ਹੈ। ‌ ਜੇਕਰ ਬਲਤੇਜ ਪੰਨੂੰ ਸੱਤਾਧਾਰੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਰਦੇ ਹਨ ਤਾਂ ਵਿਰੋਧੀ ਪਾਰਟੀਆਂ ਲਈ ਇਹ ਇੱਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਹ ਮੰਨਿਆ ਜਾਵੇਗਾ ਕਿ ਬਲਤੇਜ ਪੰਨੂ ਦੀ ਉਮੀਦਵਾਰੀ ਰੂਪ ਵਿੱਚ ਮੁੱਖ ਮੰਤਰੀ ਖੁਦ ਹੀ ਚੋਣ ਲੜ ਰਹੇ ਹਨ। ਉੰਝ ਭਾਵੇਂ ਸੱਤਾਧਾਰੀ ਪਾਰਟੀ ਵੱਲੋਂ ਕੁਝ ਸਥਾਨਕ ਚਿਹਰੇ ਵੀ ਨਿਖਰ ਕੇ ਸਾਹਮਣੇ ਆ ਰਹੇ ਹਨ ਪ੍ਰੰਤੂ ਜੇਕਰ “ਆਪ” ਦੇ ਪੈਨਲ ‘ਚ ਜ਼ਿਮਨੀ ਚੋਣ ਲਈ ਬਲਤੇਜ ਪੰਨੂ ਦਾ ਨਾਮ ਸ਼ਾਮਿਲ ਹੋਵੇਗਾ ਤਾਂ ਸਥਾਨਕ ਦਾਅਵੇਦਾਰਾਂ ਨੂੰ ਵੀ ਫੁੱਲਾਂ ਦੇ ਗੁਲਦਸਤੇ ਫੜ ਕੇ ਖੜਨਾ ਪਵੇਗਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਰਨਾਲਾ ਲੋਕ ਸਭਾ ਚੋਣ ਦੌਰਾਨ ਬਰਨਾਲਾ ‘ਚ ਡੇਰੇ ਲਗਾ ਕੇ ਬੈਠੇ ਬਲਤੇਜ ਪੰਨੂ ਦੀ ਰਾਜਨੀਤੀ ਤੇ ਰਣਨੀਤੀ ਨੇ ਮੀਤ ਹੇਅਰ ਦੀ ਦਿੱਲੀ ਵੱਲ ਜਾਂਦੀ ਗੱਡੀ ਵੀ ਰਫ਼ਤਾਰ ਹੋਰ ਤੇਜ਼ ਕੀਤੀ ਸੀ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਸ਼ੁਰੂਆਤ ਵਿੱਚ ਮੀਤ ਹੇਅਰ ਦੀ ਇਸ ਗੱਡੀ ਦੀ ਰਫਤਾਰ ਹੌਲੀ ਸੀ ਅਤੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਦੀਆਂ ਗੱਡੀਆਂ ਵੀ ਇਰਦ ਗਿਰਦ ਹੀ ਸਨ ਪ੍ਰੰਤੂ ਮੀਤ ਹੇਅਰ ਦੀ ਇਸ ਗੱਡੀ ਨੂੰ ਜਿੱਤ ਦਾ ਟਾੱਪ ਗੇਅਰ ਪਾਉਣ ਵਿੱਚ ਬਲਤੇਜ ਪੰਨੂੰ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ ਕਿਉਂਕਿ ਬਲਤੇਜ ਪੰਨੂ ਨੇ ਮੀਤ ਹੇਅਰ, ਲਾਭ ਸਿੰਘ ਉਗੋਕੇ ਅਤੇ ਕੁਲਵੰਤ ਸਿੰਘ ਪੰਡੋਰੀ ਨਾਲ ਕਿਸੇ ਨਾ ਕਿਸੇ ਗੱਲੋਂ ਮੂੰਹ ਮਰੋੜ ਕੇ ਬੈਠੇ ਪੁਰਾਣੇ ਅਤੇ ਟਕਸਾਲੀ ਵਫਾਦਾਰ ਵਲੰਟੀਅਰਾਂ ਨੂੰ ਮਨਾ ਕੇ ਚੋਣ ਮੁਹਿੰਮ ਦਾ ਹਿੱਸਾ ਬਣਾਇਆ। ਇਹ ਵੀ ਯਕੀਨ ਨਾਲ ਕਿਹਾ ਜਾ ਸਕਦਾ ਹੈ ਬਲਤੇਜ ਪੰਨੂ ਦੀ ਉਮੀਦਵਾਰੀ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਸਮੀਕਰਨ ਵੀ ਬਦਲੇਗੀ। ਜ਼ਿਮਨੀ ਚੋਣ ‘ਚ ਮੁੱਖ ਮੰਤਰੀ ਦੀ ਬੁੱਕਲ ਦਾ ਉਮੀਦਵਾਰ ਹੋਣ ਕਰਕੇ ਪਿਛਲੀਆਂ ਸਰਕਾਰਾਂ ਮੌਕੇ “ਘਪਲਿਆਂ ਦੇ ਦੁੱਧ ਤੋਂ ਨੋਟਾਂ ਦੀ ਮਲਾਈ” ਚੁੱਕਣ ਵਾਲੇ ਸਥਾਨਕ ਆਗੂ ਵੀ ਦਬਾਅ ਵਿੱਚ ਰਹਿਣਗੇ, ਜਿਵੇਂ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਵੇਖਿਆ ਗਿਆ ਹੈ।

error: Content is protected !!