– ਰੇਡ ਦੌਰਾਨ ਈਡੀ ਨੇ ਉਚ ਅਧਿਕਾਰੀਆਂ, ਪ੍ਰਸ਼ਾਸਨਿਕ ਸਟਾਫ਼ ਅਤੇ ਪ੍ਰਬੰਧਕਾਂ ਦੇ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਕੀਤੇ
ਚੰਡੀਗੜ੍ਹ, 12 ਅਕਤੂਬਰ, Gee98 News service-
-ਪੰਜਾਬ ‘ਚ ਸੋਮਵਾਰ ਸਵੇਰੇ ED ਵੱਲੋਂ ਸਿਹਤ ਸੇਵਾਵਾਂ ਦੇਣ ਵਾਲੇ ਪ੍ਰਾਈਵੇਟ ਘਰਾਣੇ ਦੇ ਹਸਪਤਾਲਾਂ ‘ਤੇ ਇੱਕੋ ਸਮੇਂ ਰੇਡ ਕੀਤੀ ਗਈ। ਸੋਮਵਾਰ ਸਵੇਰੇ ਵਕਤ ਕਰੀਬ 9 ਵਜੇ ਈਡੀ ਦੀ ਵੱਖ-ਵੱਖ ਟੀਮਾਂ ਨੇ ਮੋਹਾਲੀ, ਪਟਿਆਲਾ ਅਤੇ ਬਠਿੰਡਾ ‘ਚ ਪਾਰਕ ਹਸਪਤਾਲ ਦੀਆਂ ਬਰਾਂਚਾਂ ‘ਤੇ ਰੇਡ ਕੀਤੀ। ਈਡੀ ਵੱਲੋਂ ਆਪਣੀ ਇਸ ਕਾਰਵਾਈ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ। ਪਾਰਕ ਹਸਪਤਾਲ ਦੀਆਂ ਉਕਤ ਬਰਾਂਚਾਂ ਵਿੱਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁੱਜੀਆਂ ਏਡੀ ਦੀਆਂ ਟੀਮਾਂ ਨੇ ਪਾਰਕ ਹਸਪਤਾਲਾਂ ਦੇ ਪ੍ਰਬੰਧਕੀ ਦਫ਼ਤਰਾਂ ਅਤੇ ਦਸਤਾਵੇਜਾਂ ਦੀ ਜਾਂਚ ਕੀਤੀ। ਈਡੀ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਈਡੀ ਨੇ ਆਪਣੀ ਇਸ ਕਾਰਵਾਈ ਸਬੰਧੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ। ਪਾਰਕ ਹਸਪਤਾਲ ਦੀਆਂ ਮੋਹਾਲੀ, ਪਟਿਆਲਾ ਤੇ ਬਠਿੰਡਾ ਦੀਆਂ ਬਰਾਂਚਾਂ ‘ਚ ਈਡੀ ਦੀ ਕਾਰਵਾਈ ਦੇ ਦੌਰਾਨ ਨਾ ਕਿਸੇ ਨੂੰ ਹਸਪਤਾਲ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਬਾਹਰ ਜਾਣ ਦਿੱਤਾ ਜਾ ਰਿਹਾ ਸੀ। ਈਡੀ ਦੀਆਂ ਟੀਮਾਂ ਨੇ ਹਸਪਤਾਲ ਦੇ ਉਚ ਅਧਿਕਾਰੀਆਂ, ਪ੍ਰਸ਼ਾਸਨਿਕ ਸਟਾਫ਼ ਅਤੇ ਪ੍ਰਬੰਧਕਾਂ ਦੇ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਸਨ। ਸੂਤਰਾਂ ਅਨੁਸਾਰ ਈਡੀ ਦੀਆਂ ਟੀਮਾਂ ਵੱਲੋਂ ਪਾਰਕ ਹਸਪਤਾਲ ਦੀਆਂ ਉਕਤ ਬਰਾਂਚਾਂ ਵਿੱਚ ਵਿੱਤੀ ਲੈਣ ਦੇਣ,ਟੈਕਸ ਭੁਗਤਾਨ ਅਤੇ ਸਰਕਾਰੀ ਯੋਜਨਾਵਾਂ ਤਹਿਤ ਕੀਤੇ ਗਏ ਇਲਾਜ ਨਾਲ ਸਬੰਧਿਤ ਦਾਅਵਿਆਂ ਸਬੰਧੀ ਰਿਕਾਰਡ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਈਡੀ ਦੀਆਂ ਟੀਮਾਂ ਵੱਲੋਂ ਕੰਪਿਊਟਰ ਅਤੇ ਹੋਰ ਇਲੈਕਟਰੋਨਿਕ ਉਪਕਰਨਾਂ ‘ਚ ਮੌਜੂਦ ਡਿਜੀਟਲ ਡਾਟਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਿੱਲਾਂ ਸਬੰਧੀ ਰਿਕਾਰਡ, ਬੈਂਕ ਖਾਤਿਆਂ ਅਤੇ ਹੋਰ ਦਸਤਾਵੇਜ ਵੀ ਜਾਂਚ ਦੇ ਦਾਇਰੇ ਵਿੱਚ ਹਨ। ਸੂਤਰਾਂ ਅਨੁਸਾਰ ਈਡੀ ਵੱਲੋਂ ਇਹ ਕਾਰਵਾਈ ਕਈ ਸ਼ਿਕਾਇਤਾਂ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਸਬੰਧੀ ਈਡੀ ਵੱਲੋਂ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੰਜਾਬ ‘ਚ ਈਡੀ ਅਤੇ ਸੀਬੀਆਈ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕੁਝ ਵੱਡੇ ਅਧਿਕਾਰੀਆਂ ਤੇ ਰਾਜਨੇਤਾਵਾਂ ਦੇ ਖ਼ਿਲਾਫ਼ ਕੀਤੀ ਕਾਰਵਾਈ ਦੇ ਦੌਰਾਨ ਹੀ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਦੇ ਖ਼ਿਲਾਫ਼ ਈਡੀ ਵੱਲੋਂ ਇਹ ਕੀਤੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਫੋਟੋ ਕੈਪਸ਼ਨ-ਪਾਰਕ ਹਸਪਤਾਲ ਪਟਿਆਲਾ ਦੀ ਬਾਹਰੀ ਤਸਵੀਰ