Gee 98News

ਤੁਸੀਂ ਸਾਡੇ ਆਲਾ ਲੈ ਲਓ..ਸਾਨੂੰ ਸੋਡੇ ਆਲਾ ਦੇਦੋ.. ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ AAP ਤੇ BJP ਨਿਸ਼ਾਨੇ ‘ਤੇ….!

ਚੰਡੀਗੜ੍ਹ,18 ਜੂਨ, Gee98 news service
-ਵਿਧਾਨ ਸਭਾ ਹਲਕਾ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦਾ ਬਿਗੁਲ ਵੱਜ ਚੁੱਕਿਆ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਦੋਵੇਂ ਪਾਰਟੀਆਂ ਵੱਲੋਂ ਐਲਾਨ ਕੀਤੇ ਉਮੀਦਵਾਰਾਂ ਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੋਵੇਂ ਹੀ ਦਲ ਬਦਲੂ ਹਨ। ਦਿਲਚਸਪ ਤੱਥ ਇਹ ਵੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਵੇਂ ਆਹਮੋ ਸਾਹਮਣੇ ਸਨ, ਫਰਕ ਸਿਰਫ਼ ਇਹੀ ਹੈ ਕਿ ਉਸ ਵੇਲੇ ਸ਼ੀਤਲ ਆਪ ਵੱਲੋਂ ਲੜਿਆ ਸੀ ਅਤੇ ਮਹਿੰਦਰ ਭਗਤ ਭਾਜਪਾ ਵੱਲੋਂ ਲੜਿਆ ਸੀ। ‌ ਹੁਣ ਇਸ ਦੇ ਉਲਟ ਸ਼ੀਤਲ ਭਾਜਪਾ ਵੱਲੋਂ ਲੜ ਰਿਹਾ ਹੈ ਅਤੇ ਮਹਿੰਦਰ ਭਗਤ ਆਮ ਆਦਮੀ ਵੱਲੋਂ ਚੋਣ ਲੜ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਮਹਿੰਦਰ ਭਗਤ ਨੇ ਭਾਜਪਾ ਦੇ ਪਲੇਟਫਾਰਮ ‘ਤੇ ਖੜ ਕੇ ਸ਼ੀਤਲ ਨੂੰ ਭੰਡਿਆ ਸੀ ਅਤੇ ਸ਼ੀਤਲ ਨੇ ਆਪ ਦੇ ਪਲੇਟਫਾਰਮ ‘ਤੇ ਖੜਕੇ ਮਹਿੰਦਰ ਭਗਤ ਨੂੰ ਭੰਡਿਆ ਸੀ। ਹੁਣ ਲਗਭਗ 27 ਮਹੀਨਿਆਂ ਬਾਅਦ ਪਲੇਟਫਾਰਮ ਬਦਲ ਗਏ ਹਨ ਪਰ ਚਿਹਰੇ ਉਹੀ ਹਨ, ਹੁਣ ਇੱਕ ਦੂਜੇ ਨੂੰ ਸਿਆਸੀ ਮਿਹਣੇ ਮਾਰਨ ਮੌਕੇ ਦੋਵਾਂ ਦੀ ਸ਼ਬਦਾਵਲੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲਤਨ ਬਦਲ ਜਾਵੇਗੀ। ਆਪ ਤੇ ਭਾਜਪਾ ਵੱਲੋਂ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੀ ਚੋਣ ‘ਤੇ ਸੋਸ਼ਲ ਮੀਡੀਆ ਉੱਪਰ ਦੋਵੇਂ ਪਾਰਟੀਆਂ ਨੂੰ ਕਰਾਰੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਆਪ ਅਤੇ ਭਾਜਪਾ ਨੂੰ ਉਮੀਦਵਾਰਾਂ ਦੀ ਚੋਣ ਦੇ ਮਾਮਲੇ ‘ਚ “ਤੁਸੀਂ ਸਾਡੇ ਆਲਾ ਲੈ ਲਓ, ਸਾਨੂੰ ਸੋਡੇ ਆਲਾ ਦੇਦੋ” ਸ਼ਬਦਾਂ ਨਾਲ ਟਰੋਲ ਕਰ ਰਹੇ ਹਨ। ਉੰਝ ਤਾਂ ਭਾਵੇਂ ਅਜੋਕੇ ਦੌਰ ਦੀ ਰਾਜਨੀਤੀ ‘ਚ ਪਹਿਲਾਂ ਵੀ ਇਹ ਕਈ ਵਾਰ ਸਪੱਸ਼ਟ ਹੋ ਚੁੱਕਾ ਹੈ ਪਰੰਤੂ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੇ ਮਾਮਲੇ ‘ਚ ਭਾਜਪਾ ਤੇ ਆਪ ਦੇ ਉਮੀਦਵਾਰਾਂ ਦੀ ਚੋਣ ਨੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ “ਗੰਗਾਧਾਰ ਹੀ ਸ਼ਕਤੀਮਾਨ ਆਂ” ਬੱਸ ਲੋਕਾਂ ਨੂੰ ਸਮਝਣ ਦੀ ਲੋੜ ਹੈ।

error: Content is protected !!