Gee 98News

ਤੈਂ ਕੀ ਦਰਦ ਨਾ ਆਇਆ..ਪਿੰਡ ਰਾਏਸਰ ਦੇ ਕਿਸਾਨ ਨੇ ਲਗਾ ਦਿੱਤੀ ਅੱਗ…ਆਲਣਿਆਂ ਦੇ ਵਿੱਚ ਹੀ ਸੜ ਗਏ ਸੈਂਕੜੇ ਪੰਛੀਆਂ ਦੇ ਨਿੱਕੇ ਨਿੱਕੇ ਬੋਟ,ਆਂਡੇ ਤੇ ਹੋਰ ਜੀਵ

ਬਰਨਾਲਾ, 22 ਜੂਨ (ਨਿਰਮਲ ਸਿੰਘ ਪੰਡੋਰੀ)-
-ਇੱਕ ਪਾਸੇ ਤਾਂ ਵਾਤਾਵਰਣ ਅਤੇ ਵਣ ਜੀਵ ਪ੍ਰੇਮੀਆਂ ਵਲੋਂ ਵਧ ਰਹੇ ਤਾਪਮਾਨ ਦੇ ਕਾਰਨ ਵਿਗੜ ਰਹੇ ਵਾਤਾਵਰਣ ਦੇ ਸੰਤੁਲਨ ਨੂੰ ਠੀਕ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰੰਤੂ ਦੂਜੇ ਪਾਸੇ ਕੁਝ ਸੌੜੀ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਆਪਣੇ ਨਿੱਜੀ ਹਿਤਾਂ ਨੂੰ ਮੁੱਖ ਰੱਖਦੇ ਹੋਏ ਖੇਤਾਂ ‘ਚ ਅੱਗ ਲਗਾ ਕੇ ਜਿੱਥੇ ਸੈਂਕੜੇ ਰੁੱਖ ਸਾੜੇ ਜਾ ਰਹੇ ਹਨ ਉਥੇ ਹੀ ਸੈਂਕੜੇ ਪੰਛੀਆਂ ਨੂੰ ਵੀ ਅੱਗ ਵਿੱਚ ਸਾੜ ਕੇ ਮਾਰਿਆ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਪਟਿਆਲਾ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਆਪਣੇ ਖੇਤ ਦੇ ਬੰਨੇ ‘ਤੇ ਪਿਛਲੇ ਕਈ ਸਾਲਾਂ ਤੋਂ ਖੜੀ ਬੰਸਰੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਿਸ ਨਾਲ ਇਸ ਬੰਸਰੀ (ਨੜੇ) ਨਾਮ ਦੀ ਜੰਗਲੀ ਵੈਜੀਟੇਸ਼ਨ ਵਿੱਚ ਆਲਣੇ ਬਣਾ ਕੇ ਰਹਿਣ ਵਾਲੇ ਸੈਂਕੜੇ ਪੰਛੀਆਂ ਦੇ ਆਲਣੇ ਸੜ ਗਏ ਅਤੇ ਇਹਨਾਂ ਆਲਣਿਆਂ ਵਿੱਚ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ (ਬੋਟ) ਅਤੇ ਆਂਡੇ ਵੀ ਅੱਗ ਵਿੱਚ ਸੜ ਗਏ। ਇਹ ਬੰਸਰੀ ਕਈ ਸਾਲ ਪੁਰਾਣੀ ਹੋਣ ਕਰਕੇ ਇੱਥੇ ਕਈ ਜੰਗਲੀ ਸੱਪਾਂ ਦਾ ਵੀ ਰਹਿਣ ਬਸੇਰਾ ਸੀ , ਜਿਹੜੇ ਅੱਗ ਲੱਗਣ ਕਾਰਨ ਸੜਕੇ ਮਾਰੇ ਗਏ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਰਾਏਸਰ ਪਟਿਆਲਾ ਦੇ ਵਸਨੀਕ ਵਾਤਾਵਰਨ ਅਤੇ ਪੰਛੀ ਪ੍ਰੇਮੀ ਅਵਤਾਰ ਸਿੰਘ, ਦਵਿੰਦਰ ਕੁਮਾਰ, ਗੁਰਪ੍ਰੀਤ ਸ਼ਰਮਾ, ਜਸਵਿੰਦਰ ਪਾਲ, ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਠੀਕਰੀਵਾਲਾ ਤੋਂ ਰਾਏਸਰ (ਪਟਿਆਲਾ ) ਦੇ ਬੱਸ ਸਟੈਂਡ ਪੁੱਜ ਕੇ ਖੱਬੇ ਪਾਸੇ ਮੁੜ ਕੇ ਪਿੰਡ ਦੀ ਪੱਕੀ ਫਿਰਨੀ ਦੇ ਨਾਲ ਪਿੰਡ ਦੇ ਛੱਪੜ ਦੇ ਨਾਲ ਲਗਦੀ ਇੱਕ ਵਿਅਕਤੀ ਮਨਜੀਤ ਸਿੰਘ ਦੀ ਕੁਝ ਜ਼ਮੀਨ ਹੈ ਅਤੇ ਉਸਨੇ ਆਪਣੀ ਜ਼ਮੀਨ ਨਾਲ ਲੱਗਦੇ ਪੰਚਾਇਤੀ ਛੱਪੜ ਨੂੰ ਭਰ ਕੇ ਨਜਾਇਜ਼ ਕਬਜ਼ਾ ਵੀ ਕੀਤਾ ਹੋਇਆ ਹੈ। ਇੱਥੇ ਹੀ ਉਸ ਦੇ ਖੇਤ ਦੇ ਬੰਨੇ ਇੱਕ ਉੱਚੀ ਜਗ੍ਹਾ (ਭੜੀਂ) ਉੱਪਰ ਕਾਫੀ ਪੁਰਾਣੀ ਬੰਸਰੀ ਲੱਗੀ ਹੋਈ ਸੀ ਜਿਸ ਨੂੰ ਸ਼ੁੱਕਰਵਾਰ ਸਵੇਰੇ ਮਨਜੀਤ ਸਿੰਘ ਨੇ ਆਪਣੇ ਕਾਮੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਅਚਾਨਕ ਅੱਗ ਲਗਾ ਦਿੱਤੀ, ਅੱਗ ਦੇ ਇਹਨਾਂ ਭਾਂਬੜਾਂ ਵਿੱਚ ਇਸ ਬੰਸਰੀ ਵਿੱਚ ਆਲਣੇ ਬਣਾ ਕੇ ਰਹਿ ਰਹੇ ਸੈਂਕੜੇ ਪੰਛੀ ਸੜ ਗਏ ਅਤੇ ਕੁਝ ਸੱਪ ਵੀ ਸੜ ਗਏ ਇਸ ਤੋਂ ਇਲਾਵਾ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ ਅਤੇ ਆਂਡੇ ਵੀ ਇਸ ਅੱਗ ਦੇ ਵਿੱਚ ਸੜ ਗਏ। ਉਕਤ ਵਾਤਾਵਰਣ ਪ੍ਰੇਮੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੂੰ ਇੱਕ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਕਤ ਮਨਜੀਤ ਸਿੰਘ ਅਤੇ ਉਸ ਦੇ ਕਾਮਿਆਂ ਦੇ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।

Gee98 Ads

ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਇਹ ਵੀ ਮੰਗ ਕੀਤੀ ਕਿ ਉੁਕਤ ਮਨਜੀਤ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਪਿੰਡ ਦੇ ਪੰਚਾਇਤੀ ਛੱਪੜ ਨੂੰ ਭਰ ਕੇ ਜਿਹੜੀ ਸ਼ਾਮਲਾਟ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਦੀ ਨਿਸ਼ਾਨਦੇਹੀ ਕਰਵਾ ਕੇ ਇਹ ਕਬਜ਼ਾ ਵੀ ਛੁਡਵਾਇਆ ਜਾਵੇ ਅਤੇ ਇਸ ਉੱਪਰ ਪੌਦੇ ਲਗਾਏ ਜਾਣ। ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕਰਨ ਵਾਲੇ ਵਾਤਾਵਰਨ ਅਤੇ ਪੰਛੀ ਪ੍ਰੇਮੀਆਂ ਵਿੱਚ ਜਗਸੀਰ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ ,ਸੁਖਦੀਪ ਸਿੰਘ, ਜਗਦੀਪ ਸਿੰਘ, ਜਸਪ੍ਰੀਤ ਸਿੰਘ ,ਮਨਦੀਪ ਕੁਮਾਰ, ਜਗਸੀਰ ਸਿੰਘ, ਜਗਦੀਪ ਸਿੰਘ ,ਧਰਮਿੰਦਰ ਸਿੰਘ, ਕੁਲਦੀਪ ਸਿੰਘ, ਅਜੈਬ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ, ਕੁਲਵਿੰਦਰ ਸਿੰਘ, ਮੋਹਿਤ ਸ਼ਰਮਾ ,ਕੁਲਵਿੰਦਰ ਕੁਮਾਰ ਗਗਨਦੀਪ ਸਿੰਘ, ਜਗਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!