Gee 98News

ਤੇਰੀ ਮੇਰੀ ਇੱਕ ਜਿੰਦੜੀ…ਜ਼ਿਮਨੀ ਚੋਣ ‘ਚ ਭਗਵੰਤ ਮਾਨ ਦੇ ਬਰਾਬਰ ਮੈਦਾਨ ‘ਚ ਨਿਤਰੇ ਡਾ. ਗੁਰਪ੍ਰੀਤ ਕੌਰ ਦੀ ਸਰਗਰਮੀ ਚਰਚਾ ‘ਚ…!

ਜਲੰਧਰ,4 ਜੁਲਾਈ, Gee98 news service

-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਵਿੱਚ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ‌ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਆਪਣੀ ਸਿਆਸੀ ਮੁੱਛ ਖੜੀ ਰੱਖਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ‌ ਇੱਕ ਪਾਸੇ ਜਿੱਥੇ ਭਗਵੰਤ ਮਾਨ ਆਪਣੇ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ, ਰੈਲੀਆਂ, ਨੁੱਕੜ ਮੀਟਿੰਗਾਂ ਤੱਕ ਕਰ ਰਹੇ ਹਨ ਉੱਥੇ ਉਹਨਾਂ ਦੀ ਧਰਮ ਪਤਨੀ ਦਾ ਡਾ. ਗੁਰਪ੍ਰੀਤ ਕੌਰ ਮੁੱਖ ਮੰਤਰੀ ਹਾਊਸ ‘ਤੇ ਆਮ ਲੋਕਾਂ ਨੂੰ ਮਿਲ ਰਹੇ ਹਨ ਅਤੇ ਵੱਖੋ ਵੱਖ ਕੰਮਾਂ ਲਈ ਸਬੰਧਿਤ ਵਿਭਾਗਾਂ ਦੇ ਅਫਸਰਾਂ ਨੂੰ ਮੁੱਖ ਮੰਤਰੀ ਦੀ ਹੈਸੀਅਤ ਵਿੱਚ ਸਿੱਧੇ ਫੋਨ ਕੀਤੇ ਜਾ ਰਹੇ ਹਨ। ਇਉਂ ਲੱਗਦਾ ਹੈ ਕਿ ਮੁੱਖ ਮੰਤਰੀ ਜਲੰਧਰ ਦੀ ਇਸ ਜ਼ਿਮਨੀ ਚੋਣ ਨੂੰ ਆਪਣੇ ਸਿਆਸੀ ਵਕਾਰ ਤੋਂ ਵੀ ਅਗਲਾ ਪੜਾਅ ਮੰਨ ਕੇ ਬੈਠੇ ਹਨ। ‌ ਰਵਾਇਤੀ ਪਾਰਟੀਆਂ ਦੇ ਆਮ ਵਰਕਰਾਂ ਅਤੇ ਕੌਂਸਲਰਾਂ ਨੂੰ ਵੀ ਮੁੱਖ ਮੰਤਰੀ ਸਿੱਧੇ ਤੌਰ ‘ਤੇ ਪਾਰਟੀ ਵਿੱਚ ਸ਼ਾਮਿਲ ਕਰਵਾ ਰਹੇ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਆਪ ਦੇ ਸੰਗਠਨ ਜਨਰਲ ਸਕੱਤਰ ਸੰਦੀਪ ਪਾਠਕ ਤੋਂ ਜਲੰਧਰ ਜ਼ਿਮਨੀ ਚੋਣ ਦੀ ਕਮਾਂਡ ਖੋਹ ਕੇ ਮੁੱਖ ਮੰਤਰੀ ਮੈਦਾਨ ਵਿੱਚ ਨਿਤਰੇ ਹਨ। ਸੂਤਰਾਂ ਅਨੁਸਾਰ ਆਪ ਦੀ ਹਾਈ ਕਮਾਂਡ ਦਾ ਇਹ ਇੱਕ ਪੱਕਾ ਫੈਸਲਾ ਸੀ ਕਿ ਜਲੰਧਰ ਜ਼ਿਮਨੀ ਚੋਣ ਦੀ ਕਮਾਂਡ ਸੰਦੀਪ ਪਾਠਕ ਦੇ ਹੱਥ ਹੋਵੇਗੀ ਪ੍ਰੰਤੂ ਭਗਵੰਤ ਮਾਨ ਨੇ ਇਸ ਨੂੰ ਆਪਣੇ ਲਈ ਚੈਲੰਜ ਮੰਨਦੇ ਹੋਏ ਸਮੇਤ ਫੈਮਿਲੀ ਚੰਡੀਗੜ੍ਹ ਤੋਂ ਜਲੰਧਰ ਚਾਲੇ ਪਾ ਦਿੱਤੇ ਅਤੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ‌ ਉਹਨਾਂ ਦਿਨਾਂ ਵਿੱਚ ਪੰਜਾਬ ਦੀਆਂ ਕੁਝ ਸਟੇਜਾਂ ‘ਤੇ ਭਗਵੰਤ ਮਾਨ ਨੂੰ ਇਹ ਦੱਸਣਾ ਵੀ ਪਿਆ ਕਿ ਜਲੰਧਰ ਜ਼ਿਮਨੀ ਚੋਣ ਦੇ ਕਮਾਂਡਰ “ਉਹ ਹੀ” ਹਨ। ਬਹਰਹਾਲ ! ਸਮੇਤ ਫੈਮਿਲੀ ਮੁੱਖ ਮੰਤਰੀ ਜਲੰਧਰ ਜ਼ਿਮਨੀ ਚੋਣ ਦੀ ਮੁਹਿੰਮ ਵਿੱਚ ਘਰ-ਘਰ, ਦਰ-ਦਰ ਤੱਕ ਪਹੁੰਚ ਕਰ ਰਹੇ ਹਨ। ‌ ਭਗਵੰਤ ਮਾਨ ਦੀ ਗੱਲ ਤਾਂ ਛੱਡੋ ਸਗੋਂ ਉਹਨਾਂ ਦੀ ਧਰਮ ਪਤਨੀ ਨੇ ਵੀ ਇਸ ਚੋਣ ਨੂੰ ਇੱਕ ਵੱਡੇ ਸਿਆਸੀ ਚੈਲਿੰਜ ਵਜੋਂ ਲਿਆ ਹੋਇਆ ਹੈ। ਪਿਛਲੇ ਦਿਨੀ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਦੇ ਘਰ ਜਨਮੀ ਬੱਚੀ ਛੋਟੀ ਹੋਣ ਦੇ ਬਾਵਜੂਦ ਵੀ ਗੁਰਪ੍ਰੀਤ ਕੌਰ ਵੱਲੋਂ ਵੱਧ ਸਮਾਂ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ‌ ਜਲੰਧਰ ਜ਼ਿਮਨੀ ਚੋਣ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਆਮ ਲੋਕਾਂ ਨੂੰ ਮਿਲਣਾ, ਗੱਲਬਾਤ ਦਾ ਸਲੀਕਾ, ਅਤੇ ਅਫਸਰਾਂ ਨੂੰ ਫੋਨ ਕਰਨ ਦੇ ਢੰਗ ਤਰੀਕੇ ਦੀ ਚਰਚਾ ਵੀ ਵਾਹਵਾ ਹੋ ਰਹੀ ਹੈ। ‌ ਚਰਚਾ ਇਹ ਵੀ ਹੋ ਰਹੀ ਹੈ ਕਿ ਜਲੰਧਰ ਦੀ ਇਹ ਜ਼ਿਮਨੀ ਚੋਣ ਡਾਕਟਰ ਗੁਰਪ੍ਰੀਤ ਕੌਰ ਲਈ ਟ੍ਰੇਨਿੰਗ ਮੈਦਾਨ ਵਜੋਂ ਇੱਕ ਚੰਗਾ ਮੌਕਾ ਹੋ ਨਿਬੜੇਗੀ। ਪੰਜਾਬ ਦੀ ਸੱਤਾ ਦੀ ਕਮਾਂਡ ਸੰਭਾਲ ਰਹੇ ਆਪਣੇ ਪਤੀ ਨਾਲ ਇੱਕ ਵੱਡੇ ਸਿਆਸੀ ਇਮਤਿਹਾਨ ਵਿੱਚ ਪਰਿਵਾਰਿਕ ਰੁਝੇਵਿਆਂ ਦੇ ਬਾਵਜੂਦ ਵੀ ਚੋਣ ਮੈਦਾਨ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਨਾ “ਤੇਰੀ ਮੇਰੀ ਇੱਕ ਜਿੰਦੜੀ” ਦੀ ਝਲਕ ਦੇ ਰਿਹਾ ਹੈ। ‌ ਉੰਝ ਭਾਵੇਂ ਕ੍ਰਿਕਟ ਦੇ ਮੈਚ ਵਾਂਗ ਜ਼ਿਮਨੀ ਚੋਣ ਦਾ ਨਤੀਜਾ ਵੀ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਇਸ ਚੋਣ ਵਿੱਚ ਡਾਕਟਰ ਗੁਰਪ੍ਰੀਤ ਕੌਰ ‌ ਆਪਣੇ ਆਪ ਨੂੰ ਸਿਆਸਤ ਦੇ ਪਲੇਟਫਾਰਮ ‘ਤੇ ਚੰਗੀ ਤਰ੍ਹਾਂ ਸਥਾਪਿਤ ਜ਼ਰੂਰ ਕਰ ਲੈਣਗੇ।

error: Content is protected !!