Gee 98News

ਚੰਡੀਗੜ੍ਹ ਦੇ ਵਿੱਤ ਸਕੱਤਰ ਲਈ ਪੰਜਾਬ ਦੇ ਦੋ ਆਈਏਐਸ ਅਧਿਕਾਰੀਆਂ ਦਾ ਭੇਜਿਆ ਪੈਨਲ ਕੇਂਦਰ ਨੇ ਕੀਤਾ ਰੱਦ

ਚੰਡੀਗੜ੍ਹ,10 ਜੁਲਾਈ, Gee98 news service
-ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ (ਯੂਟੀ) ਦੇ ਵਿੱਤ ਸਕੱਤਰ ਦੇ ਅਹੁਦੇ ਲਈ ਭੇਜੇ ਦੋ ਨਾਵਾਂ ਦਾ ਪੈਨਲ ਰੱਦ ਕਰ ਦਿੱਤਾ ਹੈ। ਚੰਡੀਗੜ੍ਹ ਦੇ ਮੌਜੂਦਾ ਵਿੱਤ ਸਕੱਤਰ ਵਿਜੇ ਐਨ ਜ਼ਾਦੇ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ 2006 ਆਈਏਐੱਸ ਬੈਚ ਦੇ ਅਮਿਤ ਢਾਕਾ ਤੇ 2007 ਬੈਚ ਦੇ ਮੁਹੰਮਦ ਤਇਅਬ ਦਾ ਨਾਮ ਵਿੱਤ ਸਕੱਤਰ ਦੇ ਅਹੁਦੇ ਲਈ ਭੇਜਿਆ ਸੀ। ਸੂਤਰਾਂ ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਮਿਤ ਢਾਕਾ ਦੇ ਨਾਮ ਨੂੰ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਪੈਨਲ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀ ਵੰਡ ਤੋਂ ਬਾਅਦ ਚੰਡੀਗੜ੍ਹ ’ਚ 60-40 ਦੇ ਅਨੁਪਾਤ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕੋਟਾ ਹੈ, ਪਰ ਪਿਛਲੇ ਕਈ ਸਾਲਾਂ ਤੋ ਇਸ ਕੋਟੇ ਤੇ ਕੱਟ ਲਗਾਇਆ ਜਾ ਰਿਹਾ ਹੈ। ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਵਿੱਤ ਸਕੱਤਰ ਦੀ ਅਸਾਮੀ ਪੰਜਾਬ ਤੇ ਗ੍ਰਹਿ ਸਕੱਤਰ ਦੀ ਅਸਾਮੀ ‘ਤੇ ਹਰਿਆਣਾ ਦਾ ਅਧਿਕਾਰੀ ਲੱਗਦਾ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਹਰਿਆਣਾ ਤੇ ਐੱਸਐੱਸਪੀ ਪੰਜਾਬ ਕੇਡਰ ਦਾ ਲਾਇਆ ਜਾਂਦਾ ਹੈ। ਧਿਆਨ ਰਹੇ ਕਿ ਅਮਿਤ ਢਾਕਾ ਰਾਜਸਥਾਨ ’ਚ ਅਸ਼ੋਕ ਗਹਿਲੋਤ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਹਿ ਚੁੱਕੇ ਹਨ। ਪੰਜਾਬ ਕੇਡਰ ਦਾ ਇਹ ਅਧਿਕਾਰੀ ਅੰਤਰਰਾਜੀ ਡੈਪੂਟੇਸ਼ਨ ’ਤੇ ਰਾਜਸਥਾਨ ਗਿਆ ਸੀ। ਜਦਕਿ ਮੁਹੰਮਦ ਤਇਅਬ ਪੰਜਾਬ ’ਚ ਵਿੱਤ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹੈ। ਚਰਚਾ ਅਨੁਸਾਰ ਪੈਨਲ ਨੂੰ ਰੱਦ ਕਰਨ ਦੇ ਇਹ ਕਾਰਨ ਵੀ ਹੋ ਸਕਦੇ ਹਨ। ‌ ਹੁਣ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਦੇ ਵਿੱਤ ਸਕੱਤਰ ਲਈ ਨਵਾਂ ਪੈਨਲ ਭੇਜਣਾ ਪਵੇਗਾ। ‌

error: Content is protected !!