Skip to main content

Gee 98News

ਸੁਖਬੀਰ ਬਾਦਲ ਨੂੰ ਅਕਾਲ ਤਖਤ ‘ਤੇ ਕਿਹੜੀ ਸਜ਼ਾ ਦਿੱਤੀ ਜਾਵੇਗੀ…ਸਾਬਕਾ ਜਥੇਦਾਰ ਨੇ ਕਰ ਦਿੱਤੀ ਭਵਿੱਖਬਾਣੀ

ਚੰਡੀਗੜ੍ਹ,22 ਜੁਲਾਈ, Gee98 news service
-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਸਬੰਧੀ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਨਾਲ ਪੰਥ ਦਾ ਕੁਝ ਵੀ ਭਲਾ ਨਹੀਂ ਹੋਵੇਗਾ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਥੇਦਾਰਾਂ ਵਲੋਂ ਅਕਾਲ ਤਖ਼ਤ ‘ਤੇ ਸੱਦ ਕੇ 15 ਦਿਨ ‘ਚ ਗ਼ਲਤੀਆਂ ਦਾ ਸਪੱਸ਼ਟੀਕਰਨ ਮੰਗੇ ਜਾਣ ਬਾਰੇ ਕਿਹਾ ਕਿ ਸੁਖਬੀਰ ਤੇ ਵਿਰੋਧੀਆਂ ਨੂੰ ਸੇਵਾ ਲਾ ਕੇ ਬਾਅਦ ‘ਚ ਇਕੱਠੇ ਹੋਣ ਹੋਣ ਲਈ ਕਹਿ ਦਿਤਾ ਜਾਵੇਗਾ। ਸਾਬਕਾ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰਾਂ ਦੀ ਕਾਰਜ ਪ੍ਰਣਾਲੀ ‘ਤੇ ਕਿੰਤੂ ਕਰਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਅਕਾਲ ਤਖ਼ਤ ਕੁੱਝ ਹੋਰ ਸੀ ਪਰ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਤਾਂ ਉਪ ਨਿਯਮ ਬਣਾ ਕੇ ਬੇੜਾ ਗਰਕ ਕਰ ਦਿਤਾ ਹੈ।ਉਨ੍ਹਾਂ ਕਿਹਾ ਕਿ ਗੁਰੂਆਂ ਵਲੋਂ ਦਿਤੇ ਪੰਥ ਤੇ ਗ੍ਰੰਥ ਦੇ ਸਿਧਾਂਤ ਨੂੰ ਪਾਸੇ ਕਰ ਕੇ ਜਥੇਦਾਰਾਂ ਨੂੰ ਮਾਲਕ ਤੋਂ ਨੌਕਰ ਬਣਾ ਦਿਤਾ ਹੈ। ਉਨ੍ਹਾਂ ਕਿਹਾ ਕਿ ਆਪਣਿਆਂ ਨੂੰ “ਪੰਥ ਰਤਨ ਤੇ ਫਖ਼ਰ ਏ ਕੌਮ” ਦਿਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਤਖ਼ਤ ਉਪਰ ਅਬਦਾਲੀ ਵਾਂਗ ਆਉਂਦੇ ਰਹੇ ਹਨ ਅਤੇ ਹੁਣ ਸੁਖਬੀਰ ਬਾਦਲ ਦੇ ਪੱਲੇ ਜਦ ਕੱਖ ਨਹੀਂ ਰਿਹਾ ਤਾਂ ਨਿਮਾਣਾ ਸਿੱਖ ਬਣ ਕੇ ਜਾਣ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀਆਂ ਦੇ ਗੁਨਾਹ ਮਾਫ਼ੀਯੋਗ ਨਹੀਂ। ਇਹ ਜਾਣੇ ਅਣਜਾਣੇ ‘ਚ ਬੱਜਰ ਗੁਨਾਹ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਜੇਕਰ ਇਨ੍ਹਾਂ ਨੂੰ ਕੌਮ ਦੇ ਮਗਰੋਂ ਹੀ ਲਾਹ ਦੇਣ ਤਾਂ ਇਹ ਬਹੁਤ ਵੱਡੀ ਸੇਵਾ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੱਭ ਤੋਂ ਵੱਡਾ ਇਲਜ਼ਾਮ ਹੈ। ਅਕਾਲੀ ਦਲ ਦੇ ਰਾਜ ‘ਚ ਚੈਲੰਜ ਕਰ ਕੇ ਬੇਅਦਬੀ ਕੀਤੀ ਗਈ ਪਰ ਉਸ ਸਮੇਂ ਦੀ ਸਰਕਾਰ ਨੇ ਉਲਟਾ ਰੋਸ ਕਰ ਰਹੇ ਸ਼ਾਂਤਮਈ ਸਿੱਖਾਂ ਉਪਰ ਗੋਲੀਆਂ ਚਲਾਈਆਂ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸ਼ਰਨ ਦਿਤੀ। ਸਾਬਕਾ ਜਥੇਦਾਰ ਨੇ ਕਿਹਾ ਕਿ ਸਿੱਖ ਮੁੰਡਿਆਂ ਨੂੰ ਨਜਾਇਜ਼ ਮਾਰਨ ਵਾਲੇ ਸੈਣੀ ਨੂੰ ਡੀਜੀਪੀ ਲਾਇਆ,ਇਜਹਾਰ ਆਲਮ ਨੂੰ ਪਾਰਟੀ ‘ਚ ਅਹੁਦਾ ਦਿਤਾ ਤੇ ਉਸ ਦੀ ਪਤਨੀ ਨੂੰ ਸਰਕਾਰ ‘ਚ ਸੰਸਦੀ ਸਕੱਤਰ ਲਾਇਆ। ਉਹਨਾਂ ਕਿਹਾ ਕਿ ਕੌਮ ਨੂੰ ਇਨ੍ਹਾਂ ਨੇ ਮਿੱਟੀ ‘ਚ ਰੋਲ ਦਿਤਾ ਹੈ ਅਤੇ ਇਸ ਲਈ ਇਨ੍ਹਾਂ ਦੇੇ ਬੱਜਰ ਗੁਨਾਹ ਬਿਲਕੁਲ ਵੀ ਮਾਫ਼ੀਯੋਗ ਨਹੀਂ ਹਨ।

error: Content is protected !!