ਚੰਡੀਗੜ੍ਹ,25 ਜੁਲਾਈ, Gee98 news service
ਜ਼ਿਲ੍ਹਾ ਮੋਹਾਲੀ ਦੇ ਪਿੰਡ ਕੁੰਭੜਾ ਐਲੀਮੈਂਟਰੀ ਸਕੂਲ ਦਾ ਮਾਮਲਾ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਪਹੁੰਚ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਕੁੰਭੜਾ ਦੇ ਐਲੀਮੈਂਟਰੀ ਸਕੂਲ ਨੂੰ ਬਚਾਉਣ ਲਈ ਪਿੰਡ ਵਾਸੀ ਦੋ ਸਾਲਾਂ ਤੋਂ ਮਾਨਯੋਗ ਅਦਾਲਤ ਮੋਹਾਲੀ ਦੇ ਚੱਕਰ ਕੱਟ ਰਹੇ ਹਨ। ਸਿੱਖਿਆ ਵਿਭਾਗ ਦੇ ਡਾਇਰੈਕਟਰ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਫਸਰ, ਕਮਿਸ਼ਨਰ ਨਗਰ ਨਿਗਮ ਮੋਹਾਲੀ ਨਾਲ ਅੱਜ ਤੱਕ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਬਿਨਾਂ ਟਾਲ ਮਟੋਲ ਤੋਂ ਪਿੰਡ ਵਾਸੀਆਂ ਦੇ ਪੱਲੇ ਕੁਝ ਨਹੀਂ ਪਿਆ। ਉਹਨਾਂ ਦੱਸਿਆ ਕਿ ਇਸ ਸਕੂਲ ਦੀ ਜ਼ਮੀਨ ਗਿਆਨੀ ਗੁਰਬਖਸ਼ ਸਿੰਘ ਜੀ ਨੇ ਦਾਨ ਕੀਤੀ ਸੀ। ਪਰ ਉਹਨਾਂ ਦੀ ਪਤਨੀ ਦੇ ਰਿਸ਼ਤੇਦਾਰਾਂ ਨੇ ਸਕੂਲ ਨੂੰ ਖਾਲੀ ਕਰਵਾਉਣ ਦਾ ਕੇਸ ਮਾਨਯੋਗ ਅਦਾਲਤ ਵਿੱਚ ਪਾਇਆ ਹੋਇਆ ਹੈ। ਇਸ ਸਕੂਲ ਨੂੰ ਬਚਾਉਣ ਲਈ ਪਿੰਡ ਵਾਸੀਆਂ ਨੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਹੋਇਆ ਹੈ। ਜਿਸ ਦੀ ਫੀਸ ਪਿੰਡ ਵਾਸੀਆਂ ਨੇ ਇਕੱਠੀ ਕਰਕੇ ਦਿੱਤੀ ਹੈ। ਕਿਉਂਕਿ ਸਕੂਲ ਦੀ ਮਾਲਕੀ ਦਾ ਕੇਸ ਸਕੂਲ ਦੀ ਮੁੱਖ ਅਧਿਆਪਕਾ ਦੇ ਨਾਮ ਦਾਇਰ ਹੋਣਾ ਹੈ। ਇਹ ਕੇਸ ਪਾਉਣ ਦੀ ਮਨਜ਼ੂਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਮਿਲਣੀ ਹੈ। ਜਿਸ ਦੀ ਜਾਣਕਾਰੀ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤੀ ਤੇ ਲਿਖਤੀ ਦਰਖਾਸਤ ਸਬੂਤਾਂ ਸਮੇਤ ਦਿੱਤੀ ਗਈ। ਸਿੱਖਿਆ ਮੰਤਰੀ ਨੇ ਵਫਦ ਨੂੰ ਜਲਦ ਪ੍ਰਕਿਰਿਆ ਪੂਰੀ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਮੌਕੇ ਮਨਜੀਤ ਸਿੰਘ ਮੇਵਾ, ਮਨਦੀਪ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।