Gee 98News

ਖੇਡਾਂ ਵਤਨ ਪੰਜਾਬ ਦੀਆਂ : ਬਿਨਾਂ ਧੇਲੇ ਤੋਂ ਖੇਡ ਮੇਲਾ ਵੇਖ ਰਹੀ ਹੈ ਸਰਕਾਰ, ਪਿਛਲੇ ਜੇਤੂਆਂ ਨੂੰ ਅਜੇ ਤੱਕ ਨਹੀਂ ਮਿਲੇ ਨਗਦ ਇਨਾਮ

-ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦਾ ਆਗਾਜ਼ ਸੰਗਰੂਰ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾ ਕੇ ਕੀਤਾ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ। ‘ਖੇਡਾਂ ਵਤਨ ਪੰਜਾਬ ਦੀਆਂ’ ਇੱਕ ਵੱਡਾ ਟੂਰਨਾਮੈਂਟ ਹੈ ਜਿਸ ਵਿੱਚ ਪਹਿਲਾਂ ਬਲਾਕ ਪੱਧਰ ‘ਤੇ, ਜ਼ਿਲਾ ਪੱਧਰ ‘ਤੇ ਉਸ ਤੋਂ ਬਾਅਦ ਸੂਬਾ ਪੱਧਰ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਹੁੰਦੇ ਹਨ। ‌ ਇਹਨਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਹਰ ਵਾਰ ਸਰਕਾਰ ਵੱਲੋਂ ਹਜ਼ਾਰਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ‌ ਇਸ ਵਾਰ ਵੀ ਸਰਕਾਰ ਵੱਲੋਂ ਸੂਬਾ ਪੱਧਰ ‘ਤੇ ਪਹਿਲੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 10 ਹਜ਼ਾਰ, ਦੂਜੇ ਨੂੰ 7000 ਅਤੇ ਤੀਜੇ ਨੂੰ 5000 ਨਕਦ ਇਨਾਮ ਦੇਣ ਦਾ ਦਾਅਵਾ ਕੀਤਾ ਗਿਆ ਹੈ‌ ਪ੍ਰੰਤੂ ਦੂਜੇ ਪਾਸੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੁੜਿਆ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਜੋ ਸਰਕਾਰ ਦੀ ਇਹ ਖੇਡਾਂ ਕਰਵਾਉਣ ਦੇ ਮਕਸਦ ਦੀ ਪੋਲ ਖੋਲ੍ਹ ਦਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਟੂਰਨਾਮੈਂਟਾਂ ਦੇ ਜੇਤੂ ਹਜ਼ਾਰਾਂ ਖਿਡਾਰੀਆਂ ਨੂੰ ਜੇਤੂ ਇਨਾਮੀ ਰਾਸ਼ੀ ਅਜੇ ਤੱਕ ਨਹੀਂ ਮਿਲੀ ਅਤੇ ਉਹ ਹੁਣ ਤੱਕ ਵੀ ਪਿਛਲੇ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਲਈ ਤਰਸ ਰਹੇ ਹਨ।‌ ਪਿਛਲੇ ਸੀਜ਼ਨ ਦੀ ਇਨਾਮੀ ਰਾਸ਼ੀ ਨਾ ਮਿਲਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਰਸ਼ਦੀਪ ਕੌਰ ਸੰਗਰੂਰ ਨਾਲ ਸਬੰਧਿਤ ਐਥਲੀਟ ਹੈ ਜਿਸਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲਿਆ ਸੀ। ਉਹ ਚਾਰ ਈਵੈਂਟ ਖੇਡੀ ਸੀ, ਜਿਨਾਂ ਵਿੱਚ ਦੋ ਰਿਲੇਅ, ਇੱਕ 400 ਮੀਟਰ ਦੌੜ ਅਤੇ ਇੱਕ 200 ਮੀਟਰ ਦੌੜ। ਉਸਨੇ ਸਾਰੇ ਇਵੈਂਟਾਂ ਵਿੱਚ ਸੋਨ ਤਗਮੇ ਜਿੱਤੇ ਸਨ। ਪਿਛਲੇ ਸਾਲ ਪੰਜਾਬ ਸਰਕਾਰ ਨੇ ਇੱਕ ਗੋਲਡ ਮੈਡਲ ਦਾ 10,000 ਰੁਪਏ ਨਕਦ ਇਨਾਮ ਦੇਣ ਲਈ ਕਿਹਾ ਸੀ। ਇਸ ਤਰ੍ਹਾਂ ਰਸਦੀਪ ਕੌਰ ਦੇ ਚਾਰ ਗੋਲਡ ਮੈਡਲਾਂ ਦੇ 40,000 ਰੁਪਏ ਬਣਦੇ ਹਨ ਪਰ ਹੈਰਾਨੀ ਦੀ ਗੱਲ ਇਹ ਕਿ ਰਸਦੀਪ ਕੌਰ ਦੀ ਇਹ ਇਨਾਮੀ ਰਾਸ਼ੀ 29 ਅਗਸਤ 2024 ਵੀਰਵਾਰ ਨੂੰ ਪੂਰੇ ਇੱਕ ਸਾਲ ਬਾਅਦ ਸ਼ਾਮ ਦੇ ਸਮੇਂ ਉਸਦੇ ਖਾਤੇ ਵਿੱਚ ਪਾਈ ਗਈ, ਜਦ ਕਿ ਉਹ ਸਾਰਾ ਸਾਲ ਆਪਣੀ ਇਨਾਮੀ ਰਾਸ਼ੀ ਲਈ ਤਰਸਦੀ ਰਹੀ ਅਤੇ ਅਧਿਕਾਰੀਆਂ ਦੇ ਗੇੜੇ ਕੱਢਦੀ ਰਹੀ। ‌ ਇਸੇ ਤਰ੍ਹਾਂ ਜਲੰਧਰ ਦੇ ਕਿੱਕ ਬਾਕਸਿੰਗ ਦੇ ਖਿਡਾਰੀ ਨਿਰਮਲ ਸਿੰਘ ਨੇ ਇੱਕ ਚਾਂਦੀ ਅਤੇ ਕਾਂਸੀ ਦੇ ਦੋ ਤਗਮੇ ਜਿੱਤੇ ਸਨ ਅਤੇ ਉਨਾਂ ਦੀ ਇਨਾਮੀ ਰਾਸ਼ੀ 12000 ਬਣਦੀ ਹੈ ਜੋ ਅਜੇ ਤੱਕ ਉਹਨਾਂ ਦੇ ਖਾਤੇ ਵਿੱਚ ਨਹੀਂ ਪਾਈ ਗਈ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਕਈ ਵਿਦਿਆਰਥੀਆਂ ਨੇ ਵੀ ਮੈਡਲ ਜਿੱਤੇ ਸਨ ਉਹਨਾਂ ਦੀ ਇਨਾਮੀ ਰਾਸ਼ੀ ਵੀ ਅਜੇ ਤੱਕ ਨਹੀਂ ਮਿਲੀ। ਬਲਾਚੌਰ ਨੇੜੇ ਪਿੰਡ ਥੋਪੀਆ ਦੇ ਰਹਿਣ ਵਾਲੇ ਐਥਲੀਟ ਜਗਮੀਤ ਸਿੰਘ ਨੇ ਵੀ 2023 ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 400 ਮੀਟਰ ਵਿੱਚ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਸੀ। ਜਿਸ ਦੀ ਇਨਾਮੀ ਰਾਸ਼ੀ 17000 ਬਣਦੀ ਹੈ, ਉਹ ਸਾਰਾ ਸਾਲ ਅਧਿਕਾਰੀਆਂ ਦੀਆਂ ਮਿੰਨਤਾਂ ਕਰਦਾ ਰਿਹਾ ਪਰ ਇਹ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੇ ਪਹਿਲੇ ਦਿਨ ਸਾਲ ਬਾਅਦ ਉਸ ਨੂੰ ਇਨਾਮੀ ਰਾਸ਼ੀ ਮਿਲੀ। ਰਸ਼ਦੀਪ ਕੌਰ ਨੇ ਇਹ ਵੀ ਦੱਸਿਆ ਕਿ, “ਪੰਜਾਬ ਸਰਕਾਰ ਨੇ 21 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਦਿੱਤੀ ਹੈ, ਪਰ 21 ਤੋਂ 40 ਸਾਲ ਤੱਕ ਦੇ ਓਪਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ ਹੈ, ਮੇਰੇ ਨਾਲ ਜਿੰਨੇ ਵੀ ਸੀਨੀਅਰ ਜੇਤੂ ਖਿਡਾਰੀ ਹਨ, ਉਹ ਸਾਰੇ ਇਨਾਮੀ ਰਾਸ਼ੀ ਦੀ ਉਡੀਕ ਕਰ ਰਹੇ ਹਨ।”

Gee98 Ads

ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਲਈ ਇਸ ਵਾਰ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਇਸ ਵਿੱਚ 10 ਕਰੋੜ ਰੁਪਏ ਇਨਾਮ ਰਾਸ਼ੀ ਲਈ ਰੱਖੇ ਗਏ ਹਨ, ਜੋ ਪਿਛਲੇ ਸਾਲ 8.87 ਕਰੋੜ ਸੀ।ਇਸ ਤੋਂ ਇਲਾਵਾ 20 ਕਰੋੜ ਰੁਪਏ ਪੂਰੇ ਖੇਡ ਪ੍ਰਬੰਧਾਂ ਲਈ ਰੱਖੇ ਗਏ ਹਨ। ਜੇਕਰ ਰਿਫਰੈਸ਼ਮੈਂਟ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀਆਂ ਨੂੰ ਬਲਾਕ ਪੱਧਰ ‘ਤੇ ਪ੍ਰਤੀ ਖਿਡਾਰੀ 100 ਰੁਪਏ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ‘ਤੇ ਪ੍ਰਤੀ ਖਿਡਾਰੀ 125 ਤੇ ਸੂਬਾ ਪੱਧਰ ‘ਤੇ ਪ੍ਰਤੀ ਖਿਡਾਰੀ 250 ਰੁਪਏ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਇਸ ਵਾਰ ਕਰਵਾਏ ਜਾਣ ਵਾਲੇ ਮੁਕਾਬਲਿਆਂ ‘ਚ ਅੰਡਰ-14,17, 21, 21-30, 31-40, 41-50, 51-60, 61-70 ਅਤੇ 70 ਤੋਂ ਉਪਰ ਦੇ ਉਮਰ ਵਾਲੇ ਹਿੱਸਾ ਲੈ ਸਕਣਗੇ। ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦੇ ਮਕਸਦ ਨੂੰ ਸੂਬੇ ‘ਚ ਖੇਡ ਕਲਚਰ ਪੈਦਾ ਕਰਨਾ ਦੱਸ ਰਹੀ ਹੈ ਪਰੰਤੂ ਸਵਾਲ ਖੜੇ ਹੁੰਦੇ ਹਨ ਕਿ ਜੇਕਰ ਇਹਨਾਂ ਖੇਡਾਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਲਈ ਸਾਲ ਭਰ ਤਰਸਾ ਕੇ ਰੱਖਣਾ ਹੈ ਤਾਂ ਅਜਿਹੀਆਂ ਖੇਡਾਂ ਕਰਵਾਉਣ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ ਕਿਉਂਕਿ ਖਿਡਾਰੀਆਂ ਨੂੰ ਉਹਨਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨਾਂ ਦਾ ਇਨਾਮ ਮਿਲ ਜਾਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਇਹਨਾਂ ਖੇਡਾਂ ਦੇ ਪ੍ਰਬੰਧਕਾਂ ਨੂੰ ਕੁੱਲ ਬਜਟ ਪਹਿਲਾਂ ਅਲਾਟ ਹੋਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਯੋਗ ਪ੍ਰਬੰਧ ਕਰ ਸਕਣ, ਪ੍ਰੰਤੂ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦੇ ਮਾਮਲੇ ਵਿੱਚ ਬਿਨਾਂ ਧੇਲੇ ਤੋਂ ਮੇਲਾ ਵੇਖਣ ਦੀ ਨੀਤੀ ‘ਤੇ ਕੰਮ ਕਰ ਰਹੀ ਹੈ।

error: Content is protected !!