ਚੰਡੀਗੜ੍ਹ,18 ਜਨਵਰੀ, Gee98 News service
-ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ‘ਚ ਵਿਗਾੜ ਦੀਆਂ ਖ਼ਬਰਾਂ ਦੇ ਦੌਰਾਨ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਤੋਂ ਕੈਨੇਡਾ ਪੜ੍ਹਾਈ ਕਰਨ ਗਏ ਕਰੀਬ 20 ਹਜ਼ਾਰ ਵਿਦਿਆਰਥੀ ਲਾਪਤਾ ਹਨ ਭਾਵ ਕਿ ਇਹ ਵਿਦਿਆਰਥੀ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਰਿਕਾਰਡ ਵਿੱਚ “ਨੋ ਸ਼ੋਅ” ਵਜੋਂ ਦਰਜ ਕੀਤੇ ਗਏ ਹਨ ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਉਥੇ ਬਹੁਤ ਸਮੇਂ ਤੋਂ ਨਹੀਂ ਦੇਖਿਆ ਗਿਆ। ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ 50 ਹਜ਼ਾਰ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ ਅਤੇ ਇਹਨਾਂ ਵਿੱਚੋਂ ਲੱਗਭੱਗ 20 ਹਜ਼ਾਰ ਵਿਦਿਆਰਥੀ ਭਾਰਤ ਨਾਲ ਸੰਬੰਧਤ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹੇ ਜ਼ਿਆਦਾਤਰ ਗੈਰਹਾਜ਼ਰ ਵਿਦਿਆਰਥੀ ਕੈਨੇਡਾ ਵਿੱਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 2014 ‘ਚ “ਇੰਟਰਨੈਸ਼ਨਲ ਸਟੂਡੈਂਟ ਕੰਪਲਾਇਸ ਰਿਜਾਈਮ” ਲਾਗੂ ਕੀਤੀ ਗਈ ਸੀ ਜਿਸ ਦਾ ਉਦੇਸ਼ ਨਕਲੀ ਵਿਦਿਆਰਥੀਆਂ ਦੀ ਪਹਿਚਾਣ ਕਰਨਾ ਸੀ। ਕੈਨੇਡਾ ਤੋਂ ਗ਼ੈਰ ਹਾਜ਼ਰ ਵਿਦਿਆਰਥੀਆਂ ਦੇ ਉਕਤ ਅੰਕੜੇ “ਇਮੀਗਰੇਸ਼ਨ, ਰਿਫਿਊਜੀ ਐਂਡ ਸਿਟੀਜਨਸ਼ਿਪ ਕੈਨੇਡਾ” (IRCC) ਦੇ ਹਵਾਲੇ ਨਾਲ ਸਾਹਮਣੇ ਆਈ ਇੱਕ ਰਿਪੋਰਟ ਵਿੱਚ ਦਿੱਤੇ ਗਏ ਹਨ। ਕੈਨੇਡਾ ਵਿੱਚ ਇੰਨੀ ਵੱਡੀ ਗਿਣਤੀ ‘ਚ ਗੈਰ ਹਾਜ਼ਰ ਵਿਦਿਆਰਥੀਆਂ ਦੇ ਮੁੱਦੇ ਨੇ ਭਾਰਤ ਦੀ ਜਾਂਚ ਏਜੰਸੀ ਈਡੀ ਦਾ ਧਿਆਨ ਵੀ ਖਿੱਚਿਆ ਹੈ ਜੋ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਭਾਰਤੀਆਂ ਦੀ ਤਸਕਰੀ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗ਼ੈਰ ਹਾਜ਼ਰੀ ਅਤੇ ਸਟੱਡੀ ਪਰਮਿਟ ਨਿਯਮਾਂ ਦੀ ਉਲੰਘਣਾ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ ਜੋ ਨਾ ਸਿਰਫ ਇਮੀਗ੍ਰੇਸ਼ਨ ਨੀਤੀ ਬਾਰੇ ਸਵਾਲ ਖੜੇ ਕਰਦਾ ਹੈ ਸਗੋਂ ਕੈਨੇਡਾ ਵਿੱਚ ਵਿਦਿਆਰਥੀਆਂ ਦੇ ਅਸਲ ਉਦੇਸ਼ ਵੱਲ ਵੀ ਧਿਆਨ ਦਿਵਾਉਂਦਾ ਹੈ।









