ਚੰਡੀਗੜ੍ਹ,18 ਜਨਵਰੀ, Gee98 News service
ਪਿਛਲੇ ਕੁਝ ਸਮਾਂ ਸਮੇਂ ਤੋਂ ਸਕੂਲ ਦੀਆਂ ਬੱਸਾਂ ਦੇ ਹਾਦਸਿਆਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਸਰਕਾਰ ਨੇ ਸਕੂਲੀ ਬੱਸਾਂ ਨਾਲ ਸਬੰਧਿਤ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਲਈ ਡੋਪ ਟੈਸਟ ਸਰਟੀਫਿਕੇਟ ਦੇ ਨਾਲ ਨਾਲ ਅੱਖਾਂ ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਪੁਲਿਸ ਵੈਰੀਫਿਕੇਸ਼ਨ, ਅੱਖਾਂ ਦੀ ਜਾਂਚ ਦਾ ਸਰਟੀਫਿਕੇਟ ਅਤੇ ਡੋਪ ਟੈਸਟ ਸਰਟੀਫਿਕੇਟ ਜਮਾਂ ਕਰਵਾਉਣਾ ਪਵੇਗਾ ਇਹ ਸਾਰੀ ਰਿਪੋਰਟ ਸਬੰਧਿਤ ਸਕੂਲ ਵੱਲੋਂ ਆਪਣੇ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜਮ੍ਹਾਂ ਕਰਵਾਈ ਜਾਵੇਗੀ। ਜੇਕਰ ਕੋਈ ਸਕੂਲ ਇਹਨਾਂ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸਕੂਲਾਂ ਦੀਆਂ ਬੱਸਾਂ ਦੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਅਤੇ ਇਹਨਾਂ ਵਿੱਚ ਕਈ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਬਹੁਤੇ ਸਕੂਲਾਂ ਦੀਆਂ ਬੱਸਾਂ ”ਸੇਫ ਸਕੂਲ ਵਾਹਨ ਨੀਤੀ” ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੀਆਂ, ਸਗੋਂ ਅਜਿਹੀਆਂ ਬੱਸਾਂ ਨੂੰ ਧੱਕੇ ਨਾਲ ਹੀ ਚਲਾਇਆ ਜਾ ਰਿਹਾ ਹੈ। ਸੂਬੇ ਦੇ ਬਹੁਤੇ ਸਕੂਲਾਂ ਵੱਲੋਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਸਕੂਲੀ ਬੱਸਾਂ ਦਾ ਠੇਕਾ ਦਿੱਤਾ ਹੋਇਆ ਹੈ ਅਤੇ ਇਹਨਾਂ ਠੇਕੇਦਾਰਾ ਵੱਲੋਂ ਕੰਡਮ ਤੋਂ ਕੰਡਮ ਗੱਡੀਆਂ ਨੂੰ ਸਕੂਲੀ ਵਿਦਿਆਰਥੀਆਂ ਲਈ ਵਰਤਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਮੇਂ-ਸਮੇਂ ‘ਤੇ ਸਕੂਲੀ ਬੱਸਾਂ ਦੀ ਚੈਕਿੰਗ ਕਰਨੀ ਹੁੰਦੀ ਹੈ ਪ੍ਰੰਤੂ ਇਸ ਮਾਮਲੇ ‘ਚ ਵੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਅਤੇ ਸਭ ਕੁਝ ਜਾਣਦੇ ਹੋਏ ਵੀ ਸਮੇਂ-ਸਮੇਂ ਸਿਰ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ। ਹੁਣ ਸਰਕਾਰ ਨੇ ਸਕੂਲੀ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਲਈ ਡੋਪ ਟੈਸਟ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹਨਾਂ ਨਵੇਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਸਕੂਲੀ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਕੋਈ ਖਿਲਵਾੜ ਨਹੀਂ ਹੋਵੇਗਾ।









