ਬਰਨਾਲਾ,29 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਟਰੱਕ ਯੂਨੀਅਨ ਬਰਨਾਲਾ ‘ਤੇ ਕਾਬਜ਼ ਧਿਰ ਉੱਪਰ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਲੀਜ਼ ‘ਤੇ ਦੇਣ ਦੇ ਦੋਸ਼ ਲੱਗੇ ਹਨ। ਦੱਸ ਦੇਈਏ ਕਿ ਬਰਨਾਲਾ ਦੇ ਸ੍ਰੀ ਗੁਰੂ ਰਵਿਦਾਸ ਚੌਂਕ (ਆਈਟੀਆਈ ਚੌਂਕ) ਤੋਂ ਰਾਏਕੋਟ ਰੋਡ ‘ਤੇ ਓਸਵਾਲ ਟਾਊਨਸ਼ਿਪ ਦੇ ਬਿਲਕੁਲ ਸਾਹਮਣੇ ਟਰੱਕ ਯੂਨੀਅਨ ਬਰਨਾਲਾ ਦੀ ਇੱਕ ਜਗ੍ਹਾ ਹੈ ਜਿਸ ਵਿੱਚ ਯੂਨੀਅਨ ਦਾ ਧਰਮਕੰਡਾ ਵੀ ਲੱਗਿਆ ਹੋਇਆ ਹੈ। ਕੁਝ ਦਿਨ ਪਹਿਲਾਂ ਵੱਡੀ ਗਿਣਤੀ ਟਰੱਕ ਆਪਰੇਟਰਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਸੀ ਕਿ ਯੂਨੀਅਨ ‘ਤੇ ਕਾਬਜ਼ ਧਿਰ ਵੱਲੋਂ ਇਹ ਜਗ੍ਹਾ ਆਪਣੇ ਚਹੇਤਿਆਂ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਤੋਂ ਟਰੱਕ ਆਪਰੇਟਰਾਂ ਨੇ ਮੰਗ ਕੀਤੀ ਸੀ ਪ੍ਰੰਤੂ ਹੁਣ ਡਿਪਟੀ ਕਮਿਸ਼ਨਰ ਨੂੰ ਇਹ ਮੰਗ ਪੱਤਰ ਦੇਣ ਵਾਲੀ ਧਿਰ ਵੱਲੋਂ ਕੁਝ ਦਸਤਾਵੇਜ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੇ ਗਏ ਹਨ ਜਿਨਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਮਿਤੀ 14-6-25 ਨੂੰ ਟਰੱਕ ਯੂਨੀਅਨ ਦੀ ਇਹ ਕਰੋੜਾਂ ਰੁਪਏ ਦੀ ਜਗ੍ਹਾ ਸਿਰਫ਼ 6500 ਰੁਪਏ ਸਲਾਨਾ ਲੀਜ਼ ‘ਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਨੂੰ 20 ਸਾਲ ਲਈ ਪਟਾਨਾਮਾ ਦੇ ਦਿੱਤਾ ਗਿਆ ਹੈ। ਇਸ ਸਬੰਧੀ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਵੀ ਆਪਣੇ ਆਫੀਸ਼ੀਅਲੀ ਪੇਜ ‘ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਲਿਖਿਆ ਹੈ ਕਿ “ਬਰਨਾਲਾ ਟਰੱਕ ਯੂਨੀਅਨ ‘ਤੇ ਸਿਆਸੀ ਤੌਰ ‘ਤੇ ਕਾਬਜ਼ ਹੋਏ ਲੋਕਾਂ ਵੱਲੋਂ ਆਪਣੀ ਨਿੱਜੀ ਮੁਫਾਦਾਂ ਲਈ ਬਰਨਾਲਾ ਟਰੱਕ ਓਪਰੇਟਰ ਵੱਲੋਂ ਪਾਈ ਪਾਈ ਜੋੜ ਕੇ ਖਰੀਦੀ ਗਈ ਅੱਧਾ ਕਿੱਲਾ ਕਮਰਸ਼ੀਅਲ ਜ਼ਮੀਨ,ਜਿੱਥੇ ਅੱਜ ਵੀ ਕੰਡਾ ਲੱਗਿਆ ਹੋਇਆ ਹੈ ਅਤੇ ਪਾਰਕਿੰਗ ਬਣੀ ਹੋਈ ਹੈ, ਉਹ ਕੌਡੀਆਂ ਦੇ ਭਾਅ ਮਾਤਰ 6500 ਸਲਾਨਾ ‘ਤੇ ਲੀਜ਼ ‘ਤੇ ਆਪਣੇ ਚਹੇਤੇ ਲੋਕਾਂ ਨੂੰ ਦਿੱਤੀ ਗਈ ਜਦਕਿ ਆਮ ਤੌਰ ‘ਤੇ ਸਾਡੇ ਪਿੰਡਾਂ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦਾ ਵੀ ਕਿਰਾਇਆ 80 ਹਜ਼ਾਰ ਪ੍ਰਤੀ ਏਕੜ ਸਲਾਨਾ ਹੁੰਦਾ ਹੈ। ਵਿਧਾਇਕ ਢਿੱਲੋਂ ਨੇ ਲਿਖਿਆ ਕਿ ਇਹ ਜ਼ਮੀਨ ਟਰੱਕ ਮਾਲਕਾਂ ਦੀ ਮਿਹਨਤ ਨਾਲ ਬਣਾਈ ਹੈ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਜੋ ਆਪਹੁਦਰੀਆਂ ਕਰਕੇ ਆਪਣੇ ਲੋਕਾਂ ਦੇ ਲਈ ਦੇ ਦਿੱਤੀ ਜਾਵੇ, ਮੈਂ ਸਮੂਹ ਟਰੱਕ ਓਪਰੇਟਰ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹਨਾਂ ਦੇ ਮਿਹਨਤ ਦੀ ਕਮਾਈ ਨਾਲ ਬਣੀ ਜ਼ਮੀਨ ਦੇ ਵਿੱਚੋਂ ਇੱਕ ਇੰਚ ‘ਤੇ ਵੀ ਕਿਸੇ ਨੂੰ ਕਾਬਜ਼ ਨਹੀਂ ਹੋਣ ਦੇਵਾਂਗਾ, ਉਸਦੇ ਲਈ ਹਰ ਸੰਘਰਸ਼ ਲਈ ਤਿਆਰ ਹਾਂ।
ਯੂਨੀਅਨ ਦੇ ਕੁਝ ਟਰੱਕ ਓਪਰੇਟਰਾਂ ਵੱਲੋਂ ਕੌਡੀਆਂ ਦੇ ਭਾਅ ਜ਼ਮੀਨ ਲੀਜ਼ ‘ਤੇ ਦੇਣ ਸਬੰਧੀ ਦਸਤਾਵੇਜ਼ ਵਾਇਰਲ ਹੋਣ ਤੋਂ ਬਾਅਦ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਆਪਣੇ ਆਫੀਸ਼ੀਅਲੀ ਪੇਜ ‘ਤੇ ਇਸ ਸਬੰਧੀ ਪੋਸਟ ਪਾਉਣ ਤੋਂ ਬਾਅਦ ਇਹ ਮਾਮਲਾ ਭੱਖ ਚੁੱਕਿਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਦੇ ਕਾਬਜ਼ ਧਿਰ ਨੂੰ ਸੇਕ ਲੱਗਣ ਦੇ ਆਸਾਰ ਹਨ। ਦੱਸ ਦੇਈਏ ਕਿ ਬਰਨਾਲਾ ਟਰੱਕ ਆਪਰੇਟਰ ਯੂਨੀਅਨ ਦੇ ਇਸ ਵੇਲੇ ਹਰਦੀਪ ਸਿੰਘ ਸਿੱਧੂ ਪ੍ਰਧਾਨ ਹਨ ਜੋ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਨਜ਼ਦੀਕੀ ਹਨ। ਦੂਜੇ ਪਾਸੇ ਵਾਇਰਲ ਹੋ ਰਹੇ ਦਸਤਾਵੇਜਾਂ ਅਤੇ ਵਿਧਾਇਕ ਦੀ ਪੋਸਟ ਸਬੰਧੀ ਜਦ ਪ੍ਰਧਾਨ ਹਰਦੀਪ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਯੂਨੀਅਨ ਦੀ ਉਕਤ ਜਗ੍ਹਾ ਵਿੱਚੋਂ ਥੋੜੀ ਜਿਹੀ ਜਗ੍ਹਾ ਟਾਵਰ ਲਗਾਉਣ ਲਈ 16 ਹਜ਼ਾਰ ਪ੍ਰਤੀ ਮਹੀਨਾ ਕਿਰਾਏ ‘ਤੇ ਦਿੱਤੀ ਗਈ ਹੈ, ਇਸ ਤੋਂ ਇਲਾਵਾ ਕਿਸੇ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ।
ਫੋਟੋ ਕੈਪਸ਼ਨ-ਸਬੰਧਿਤ ਫੋਟੋ