Gee 98News

ਹੋਟਲਾਂ ‘ਚ ਜਿਸਮਫਰੋਸ਼ੀ ਦੇ ਧੰਦੇ ਸਬੰਧੀ ਹੈਰਾਨੀਜਨਕ ਖ਼ੁਲਾਸੇ ਆ ਰਹੇ ਨੇ ਸਾਹਮਣੇ…ਸਭ ਕੁਝ ਮਿਲੀ ਭੁਗਤ ਨਾਲ ਚੱਲ ਰਿਹੈ

Sunday Special 

ਬਰਨਾਲਾ,10 ਅਗਸਤ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਸ਼ਹਿਰ ਵਿੱਚ ਖੁੰਬਾਂ ਵਾਂਗੂ ਖੁੱਲ੍ਹੇ ਹੋਟਲਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ। ‌ਸ਼ਹਿਰ ਦੇ ਧਨੌਲਾ ਰੋਡ ‘ਤੇ ਬਣੀ ਇੰਦਰਲੋਕ ਕਲੋਨੀ ਦੇ ਵਾਸੀਆਂ ਵੱਲੋਂ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਮੀਡੀਆ ਦੀਆਂ ਸੁਰਖੀਆਂ ਵੱਲ ਧਿਆਨ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕੁਝ ਹੋਟਲਾਂ ਦੇ ਕਮਰਿਆਂ ‘ਚ ਜਿਸਮਫਰੋਸ਼ੀ ਦੇ ਧੰਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕਰ ਕੇ ਇਹਨਾਂ ਹੋਟਲਾਂ ਦੀ ਚੈਕਿੰਗ ਕੀਤੀ ਅਤੇ ਕਮੇਟੀ ਨੇ ਮੌਕੇ ‘ਤੇ ਸ਼ਹਿਰ ਦੇ 11 ਹੋਟਲਾਂ ਨੂੰ ਬੰਦ ਕਰ ਦਿੱਤਾ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਹੋਟਲਾਂ ਦੇ ਕਮਰਿਆਂ ‘ਚ ਹੋਣ ਵਾਲੇ ਗ਼ੈਰ ਸਮਾਜਿਕ ਧੰਦੇ ਸਬੰਧੀ ਲੋਕਾਂ ਨੇ ਹੁਣ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਤਾਇਨਾਤ ਰਹੇ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਵਾਰ ਸ਼ਿਕਾਇਤਾਂ ਕੀਤੀਆਂ ਸਨ ਪਰੰਤੂ ਕਿਸੇ ਵੀ ਅਫ਼ਸਰ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ। ਚੌਰਾਹੇ ਵਿੱਚ ਖੜ ਕੇ ਵਾਜਾਂ ਮਾਰਨ ਵਾਂਗ ਲੋਕਾਂ ਨੇ ਹੋਟਲਾਂ ਨੂੰ ਮਨਜ਼ੂਰੀਆਂ ਦੇਣ ਵਾਲੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਵੀ ਸਾਰਾ ਮਾਮਲਾ ਲਿਆਂਦਾ ਪ੍ਰੰਤੂ ਹਰ ਜਗ੍ਹਾ ‘ਤੇ “ਕੁੱਤੀ ਚੋਰਾਂ ਨਾਲ ਰਲੀ ਹੋਈ” ਕਹਾਵਤ ਵਾਲੀ ਸਥਿਤੀ ਨਜ਼ਰ ਆਈ। ਲੋਕਾਂ ਵੱਲੋਂ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਜਦ ਹੋਟਲਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਕੁਝ ਹੋਟਲਾਂ ਵਾਲਿਆਂ ਦਾ ਦਿਮਾਗ “ਸੱਤਵੇਂ ਅਸਮਾਨ ‘ਤੇ” ਚੜ ਗਿਆ ਅਤੇ ਇਹਨਾਂ ਕੁਝ ਹੋਟਲਾਂ ਵਾਲਿਆਂ ਨੇ ਜਿਸਮਾਂ ਦੇ ਭੁੱਖੇ ਬਘਿਆੜਾਂ ਨੂੰ ਇੱਕ-ਇੱਕ ਘੰਟਾ, ਦੋ-ਦੋ ਘੰਟੇ ਲਈ ਵੀ ਕਮਰੇ ਕਿਰਾਏ ‘ਤੇ ਦੇਣੇ ਸ਼ੁਰੂ ਕਰ ਦਿੱਤੇ। ‌                          ਇਹ ਵੀ ਪਤਾ ਲੱਗਿਆ ਹੈ ਕਿ ਆਪਣੀ ਹਵਸ ਪੂਰੀ ਕਰਨ ਦੀ ਖ਼ਾਤਰ ਜਿਹੜੇ ‘ਗਾਹਕ’ ‌ਇਹਨਾਂ ਹੋਟਲਾਂ ‘ਚ ਬਿਨਾਂ ਕੁੜੀਆਂ/ਔਰਤਾਂ ਤੋਂ ਆਉਂਦੇ ਸਨ ਉਹਨਾਂ ਨੂੰ ਇਹ ਹੋਟਲਾਂ ਵਾਲੇ ਆਪਣੇ ਵੱਲੋਂ ਹੀ ਕੁੜੀਆਂ ਸਪਲਾਈ ਕਰਦੇ ਸਨ ਅਤੇ ਇਹ ਕੁੜੀਆਂ ਸਪਲਾਈ ਕਰਨ ਦੀ ਖ਼ਾਤਰ ਇਹਨਾਂ ਹੋਟਲਾਂ ਵਾਲੇ ਨੇ ਅੱਗੇ ਸ਼ਹਿਰ ਦੇ ਵਿੱਚ “ਦਲਾਲ” ਕਿਸਮ ਦੇ ਵਿਅਕਤੀ ਵੀ ਰੱਖੇ ਹੋਏ ਹਨ, ਜਿਨ੍ਹਾਂ ਨੇ ਸ਼ਹਿਰ ਵਿੱਚ ਮਕਾਨ ਕਿਰਾਏ ‘ਤੇ ਲੈ ਕੇ ਪੰਜਾਬ ਦੇ ਦੂਜੇ ਸ਼ਹਿਰਾਂ ਅਤੇ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਕੁੜੀਆਂ ਕਿਰਾਏ ‘ਤੇ ਰੱਖੀਆਂ ਹੋਈਆਂ ਹਨ।‌ ਇਹ ਦਲਾਲ ਇਹਨਾਂ ਕੁੜੀਆਂ ਨੂੰ “ਡਿਮਾਂਡ” ਦੇ ਆਧਾਰ ‘ਤੇ ਅੱਗੇ ਹੋਟਲਾਂ ਵਿੱਚ ਭੇਜਦੇ ਸਨ। ‌ਜਿਸਮਾਂ ਦੇ ਇਸ ਗੋਰਖਧੰਦੇ ਵਿੱਚ ਮਜਬੂਰੀਵੱਸ ਪਈਆਂ ਕੁੜੀਆਂ ਦੇ ਸਰੀਰਕ ਸ਼ੋਸ਼ਣ ਦੇ ਨਾਲ-ਨਾਲ ਆਰਥਿਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ ਕਿਉਂਕਿ ‌ਗਾਹਕਾਂ ਤੋਂ ਮਿਲਣ ਵਾਲੀ ਰਕਮ ਦਾ ਵੱਡਾ ਹਿੱਸਾ ਦਲਾਲ ਅਤੇ ਹੋਟਲ ਵਾਲੇ ਖ਼ੁਦ ਰੱਖਦੇ ਹਨ।‌ ਹਫਸ ਦੇ ਵਪਾਰੀਆਂ ਨੂੰ ਹੋਟਲਾਂ ਦੇ ਕਮਰਿਆਂ ‘ਚ ਪਰੋਸੀਆਂ ਜਾਣ ਵਾਲੀਆਂ ਇਹ 18 ਤੋਂ 25 ਸਾਲ ਤੱਕ ਦੀਆਂ ਕੁਆਰੀਆਂ ਕੁੜੀਆਂ ਅਤੇ 25 ਤੋਂ 40 ਸਾਲ ਤੱਕ ਦੀਆਂ ਮਿਹਨਤਾਂ ਔਰਤਾਂ ਸ਼ਾਮਿਲ ਹਨ ਅਤੇ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਹੀ ਦਲਾਲ ਇਹਨਾਂ ਦਾ ਰੇਟ ਤੈਅ ਕਰਦੇ ਹਨ।                             ਅਦਾਰਾ ‘gee98 news’ ਵੱਲੋਂ ਜਦੋਂ ਇਸ ਸਾਰੇ ਮਾਮਲੇ ਦੀ ਆਪਣੇ ਪੱਧਰ ‘ਤੇ ਪੜ੍ਹਤਾਲ ਕੀਤੀ ਗਈ ਤਾਂ ਇੱਕ ਹੋਟਲ ਵਿੱਚ ਕੁਝ ਸਮਾਂ ਪਹਿਲਾਂ ਕੰਮ ਕਰਦੇ ਇੱਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਪੁਸ਼ਟੀ ਕੀਤੀ ਕਿ ਜਦੋਂ ਕੋਈ ਇਕੱਲਾ ਆਉਣ ਵਾਲਾ “ਗਾਹਕ ਇੱਕ ਕੁੜੀ ਦੀ ਡਿਮਾਂਡ” ਕਰਦਾ ਸੀ ਤਾਂ ਉਸ ਨੂੰ ਹੋਟਲ ਵਾਲਿਆਂ ਵੱਲੋਂ ਹੀ ਪ੍ਰਬੰਧ ਕੀਤਾ ਜਾਂਦਾ ਸੀ। ‌ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸਾਰਾ ਮਾਮਲਾ ਜ਼ਿਲ੍ਹੇ ਵਿੱਚ ਪਹਿਲਾਂ ਸੇਵਾਵਾਂ ਨਿਭਾ ਕੇ ਗਏ ਅਧਿਕਾਰੀਆਂ ਦੀ ਧਿਆਨ ਵਿੱਚ ਸੀ ਅਤੇ ਕੁਝ ਹੇਠਲੇ ਪੱਧਰ ਦੇ ਅਜਿਹੇ ਅਧਿਕਾਰੀ ਵੀ ਹਨ ਜਿਹੜੇ ਅਜੇ ਵੀ ਜ਼ਿਲ੍ਹੇ ਵਿੱਚ ਤਾਇਨਾਤ ਹਨ ਅਤੇ ਉਹਨਾਂ ਨੂੰ ਵੀ ਇਸ ਸਾਰੇ ਮਾਮਲੇ ਸਬੰਧੀ ਪੂਰੀ ਜਾਣਕਾਰੀ ਹੈ। ਸਾਡੇ ਸਮਾਜ ਵਿੱਚ ਸਰਕਾਰੀ ਇਮਾਰਤਾਂ, ਸੜਕਾਂ ਅਤੇ ਹੋਰ ਸਰਕਾਰੀ ਪ੍ਰੋਜੈਕਟਾਂ ਵਿੱਚ ਕਮਿਸ਼ਨ ਖਾਣ ਦੀ ਰਵਾਇਤ ਤਾਂ ਆਮ ਹੀ ਹੈ ਪ੍ਰੰਤੂ ਜਿਸਮਫਰੋਸ਼ੀ ਦੇ ਗੰਦੇ ਧੰਦੇ ਵਿੱਚੋਂ ਕਮਿਸ਼ਨ ਖਾਣ ਵਾਲੇ ਲੋਕਾਂ ਨੂੰ ਤੁਸੀਂ ਕਿਹੜੀ ਸ਼੍ਰੇਣੀ ਵਿੱਚ ਰੱਖੋਗੇ ? ਇਹ ਵੱਡੇ ਸਵਾਲ, ਜਵਾਬ ਲਈ ਆਪਣਾ ਮੂੰਹ ਅੱਡੀ ਖੜੇ ਹਨ ਕਿ ਕਈ ਵਰ੍ਹਿਆਂ ਤੋਂ ਇਹਨਾਂ ਹੋਟਲਾਂ ‘ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਬਾਰੇ ਧਿਆਨ ਵਿੱਚ ਆਉਣ ਤੋਂ ਬਾਅਦ ਵੀ ਅਧਿਕਾਰੀਆਂ ਨੇ ਰੋਕਣ ਦੇ ਯਤਨ ਕਿਉਂ ਨਹੀਂ ਕੀਤੇ। ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਜ਼ਿਲ੍ਹੇ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਅਤੇ ਐਸਐਸਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਵੱਲੋਂ ਲਏ ਸਟੈਂਡ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਭਾਵੇਂ ਕਿ ਇਸ ਮਾਮਲੇ ‘ਚ ਉਕਤ ਦੋਵੇਂ ਅਧਿਕਾਰੀਆਂ ਵੱਲੋਂ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ।

Gee98 Ads
error: Content is protected !!