Skip to main content

Gee 98News

ਪੰਜਾਬ ਕੈਬਨਿਟ ਦਾ ਫੈਸਲਾ…ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨ ਆਪਣੀ ਜ਼ਮੀਨ ‘ਚੋ ਰੇਤ ਕੱਢ ਕੇ ਵੇਚ ਸਕਣਗੇ

-ਨੁਕਸਾਨੇ ਗਏ ਘਰਾਂ ਤੇ ਪਸ਼ੂਆਂ ਲਈ ਅਜੇ ਕੋਈ ਐਲਾਨ ਨਹੀ

ਚੰਡੀਗੜ੍ਹ,8 ਸਤੰਬਰ, Gee98 News service

ਪੰਜਾਬ ਸਰਕਾਰ ਨੇ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕੁਝ ਅਹਿਮ ਐਲਾਨ ਕੀਤੇ ਹਨ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਫਸਲਾਂ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਨੂੰ ਕਿਸੇ ਵੀ ਰਾਜ ਵੱਲੋਂ ਦਿੱਤਾ ਜਾਣ ਵਾਲਾ ਵੱਧ ਮੁਆਵਜ਼ਾ ਦੱਸਿਆ। ਇਸ ਦੇ ਨਾਲ ਹੀ ਹੜ੍ਹਾਂ ਦੇ ਦੌਰਾਨ ਮ੍ਰਿਤਕ ਵਿਅਕਤੀਆਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਵੇਗੀ। ਮੰਤਰੀ ਮੰਡਲ ਨੇ ਇੱਕ ਅਹਿਮ ਫੈਸਲੇ ਵਿੱਚ ਸੁਸਾਇਟੀਆਂ ਅਤੇ ਕਾਰਪੋਰੇਟਿਵ ਬੈਂਕਾਂ ਦੇ ਕਰਜ਼ੇ ਲਈ ਕਿਸ਼ਤਾਂ ਦੇਣ ‘ਚ ਛੇ ਮਹੀਨੇ ਤੱਕ ਦੀ ਛੋਟ ਦਿੱਤੀ ਗਈ ਹੈ, ਭਾਵ ਕਿ ਹੜਾਂ ਤੋਂ ਪ੍ਰਭਾਵਿਤ ਖੇਤਰ ਦੇ ਜਿਨਾਂ ਲੋਕਾਂ ਨੇ ਉਕਤ ਸੰਸਥਾਵਾਂ ਤੋਂ ਕਰਜ਼ਾ ਲਿਆ ਹੈ ਉਹਨਾਂ ਨੂੰ ਛੇ ਮਹੀਨੇ ਤੱਕ ਕੋਈ ਕਿਸ਼ਤ ਨਹੀਂ ਭਰਨੀ ਪਵੇਗੀ।

Gee98 Ads

                  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ “ਜਿਸ ਦੀ ਜ਼ਮੀਨ, ਉਸਦੀ ਰੇਤ” ਨੀਤੀ ਲਾਗੂ ਕਰੇਗੀ ਜਿਸ ਤਹਿਤ ਜਿਹੜੇ ਕਿਸਾਨ ਦੀ ਜ਼ਮੀਨ ਰੇਤ/ਮਿੱਟੀ ਨਾਲ ਭਰ ਗਈ ਹੈ ਉਹ ਖੁਦ ਰੇਤ ਅਤੇ ਮਿੱਟੀ ਕੱਢ ਸਕਣਗੇ ਅਤੇ ਜੇਕਰ ਉਹ ਚਾਹੁਣ ਤਾਂ ਵੇਚ ਵੀ ਸਕਦੇ ਹਨ। ਮੰਤਰੀ ਮੰਡਲ ਨੇ ਹੜ੍ਹਾਂ ਦੌਰਾਨ ਘਰ ਡਿੱਗਣ ਵਾਲੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਅਤੇ ਇਸ ਨੂੰ ਸਰਵੇ ‘ਤੇ ਛੱਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਨੁਕਸਾਨ ਲਈ ਵੀ ਕੋਈ ਮੁਆਵਜਾ ਰਾਸ਼ੀ ਐਲਾਨ ਨਹੀਂ ਕੀਤੀ ਗਈ, ਇਹ ਮਾਲੀ ਸਹਾਇਤਾ ਵੀ ਸਰਵੇ ਤੋਂ ਬਾਅਦ ਹੀ ਦੇਣ ਦੀ ਗੱਲ ਕਹੀ ਗਈ ਹੈ। ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲੱਗਭੱਗ 1700 ਪਿੰਡਾਂ ਅਤੇ 23 ਸ਼ਹਿਰੀ ਖੇਤਰਾਂ ਵਿੱਚ ਫੋਗਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ ਅਤੇ ਹਰ ਪਿੰਡ ਵਿੱਚ ਸਪੈਸ਼ਲ ਕਲੀਨਿਕ ਲਗਾ ਕੇ ਡਾਕਟਰਾਂ ਦੀ ਟੀਮ ਭੇਜੀ ਜਾਵੇਗੀ ਤਾਂ ਜੋ ਦਵਾਈਆਂ ਅਤੇ ਇਲਾਜ ਲੋਕਾਂ ਨੂੰ ਨੇੜੇ ਮਿਲ ਸਕੇ।

                      ਇਸ ਤੋਂ ਇਲਾਵਾ ਹੜ੍ਹਾਂ ਤੋਂ ਪ੍ਰਭਾਵਿਤ ਸਕੂਲ, ਕਾਲਜ ਅਤੇ ਬਿਜਲੀ ਢਾਂਚੇ ਦੀ ਮੁਰੰਮਤ ਵੱਡੇ ਪੱਧਰ ‘ਤੇ ਵਿਸ਼ੇਸ਼ ਨੀਤੀ ਤਹਿਤ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ ਮੁਆਵਜ਼ੇ ਅਤੇ ਮ੍ਰਿਤਕ ਲੋਕਾਂ ਦੇ ਵਾਰਿਸਾਂ ਨੂੰ ਐਲਾਨ ਕੀਤੀ ਮੁਆਵਜੇ ਦੀ ਰਾਸ਼ੀ ਨੂੰ ਘੱਟ ਦੱਸਿਆ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਰਾਸ਼ੀ ਘੱਟੋ ਘੱਟ ਦੁੱਗਣੀ ਕੀਤੀ ਜਾਵੇ ਅਤੇ ਨੁਕਸਾਨੇ ਗਏ ਪਸ਼ੂਆਂ ਲਈ ਮੁਆਵਜ਼ਾ ਅਤੇ ਘਰਾਂ ਲਈ ਵੀ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਮੁਆਵਜ਼ਾ ਰਾਸ਼ੀ ਦੇ ਚੈੱਕ ਸਿੱਧੇ ਪੀੜ੍ਹਤ ਲੋਕਾਂ ਨੂੰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਿੱਜੀ ਹਸਪਤਾਲ ਵਿੱਚ ਜਿਹੜੇ ਇਲਾਜ ਹਨ ਜਿਥੋਂ ਉਨਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਭਾਗ ਲਿਆ, ਜਦ ਕਿ ਬਾਕੀ ਮੰਤਰੀ ਉਹਨਾਂ ਦੀ ਰਿਹਾਇਸ਼ ‘ਤੇ ਹਾਜ਼ਰ ਸਨ।

ਫੋਟੋ ਕੈਪਸ਼ਨ-ਮੰਤਰੀ ਮੰਡਲ ਦੀ ਮੀਟਿੰਗ ‘ਚ ਲਏ ਫੈਸਲਿਆਂ ਸੰਬਧੀ ਹਸਪਤਾਲ ਦੇ ਕਮਰੇ ਚੋਂ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ

Gee98 Ads
error: Content is protected !!