- ਚੰਡੀਗੜ੍ਹ,9 ਸਤੰਬਰ, Gee98 news service
- -ਪੰਜਾਬ ਸਰਕਾਰ ਸੂਬੇ ਦੇ ਹੜ੍ਹ ਪੀੜ੍ਹਤਾਂ ਲਈ ਸਹਾਇਤਾ ਰਾਸ਼ੀ ਦੇਣ ਦੇ ਐਲਾਨ ਕਰਕੇ ਸਵਾਲਾਂ ਦੇ ਘੇਰੇ ਵਿੱਚ ਫਸੀ ਹੋਈ ਹੈ। ਬੀਤੇ ਕੱਲ੍ਹ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਹੜ੍ਹ ਪੀੜ੍ਹਤਾਂ ਲਈ ਕੁਝ ਰਾਹਤ ਦਾ ਐਲਾਨ ਕੀਤਾ ਸੀ ਜਿਸ ਤਹਿਤ ਫਸਲਾਂ ਦੇ ਖ਼ਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਅਤੇ ਮ੍ਰਿਤਕ ਵਿਅਕਤੀਆਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਸੀ। ਹੁਣ ਹਰ ਪੀੜ੍ਹਤ ਲੋਕਾਂ ਤੇ ਕੁਝ ਜਥੇਬੰਦੀਆਂ ਨੇ ਸਰਕਾਰ ਵੱਲੋਂ ਐਲਾਨੀ ਰਾਸ਼ੀ ਨੂੰ ਮਗਰਮੱਛ ਦੇ ਹੰਝੂ ਕਰਾਰ ਦਿੰਦੇ ਹੋਏ ਕਿਹਾ ਕਿ 100 ਰੁਪਏ ਦੇ ਨੁਕਸਾਨ ਲਈ 20 ਰੁਪਏ ਦੀ ਸਹਾਇਤਾ ਰਾਸ਼ੀ ਕੁਝ ਵੀ ਨਹੀਂ ਹੈ। ਹੜ੍ਹ ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਸਲਾਂ, ਖੇਤਾਂ ਅਤੇ ਘਰਾਂ ਦਾ ਪੂਰੇ ਦਾ ਪੂਰਾ ਨੁਕਸਾਨ ਹੋਇਆ ਹੈ, ਜਦੋਂ ਖੇਤਾਂ ਵਿੱਚ ਕੁਝ ਬਚਿਆ ਹੀ ਨਹੀਂ ਤਾਂ ਇਨੀ ਨਿਗੂਣੀ ਸਹਾਇਤਾ ਰਾਸ਼ੀ ਕਿਉਂ ? ਇਸ ਤੋਂ ਇਲਾਵਾ ਸਰਕਾਰ ਨੇ ਘਰਾਂ ਤੇ ਪਸ਼ੂਆਂ ਦੇ ਨੁਕਸਾਨ ਲਈ ਕੋਈ ਠੋਸ ਐਲਾਨ ਨਹੀਂ ਕੀਤਾ। ਸਰਕਾਰ ਨੇ ਸੁਸਾਇਟੀਆਂ ਤੇ ਕਾਰਪੋਰੇਟਿਵ ਬੈਂਕਾਂ ਦੇ ਕਰਜ਼ਿਆਂ ਦੀ ਅਦਾਇਗੀ ਲਈ ਵੀ ਛੇ ਮਹੀਨਿਆਂ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਜਦਕਿ ਕਰਜ਼ੇ ਮਾਫ਼ ਕਰਨ ਸਬੰਧੀ ਕੋਈ ਐਲਾਨ ਨਹੀਂ ਕੀਤਾ।
- ੍ਰਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਲਈ ਕੀਤੇ ਐਲਾਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦੇ ਪੱਲੇ ਹੜ੍ਹ ਪੀੜਤਾਂ ਨੂੰ ਦੇਣ ਲਈ ਕੁਝ ਵੀ ਨਹੀਂ ਸਗੋਂ ਹੁਣ ਸਾਰੀ ਟੇਕ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ‘ਤੇ ਟਿਕੀ ਹੋਈ ਹੈ। ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਤੈਅ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਅਤੇ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਤੱਕ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨੂੰ ਵੱਡਾ ਰਾਹਤ ਪੈਕੇਜ ਦੇਣ ਦੀਆਂ ਪੋਸਟਾਂ ਵਾਇਰਲ ਕੀਤੀਆਂ ਗਈਆਂ ਹਨ, ਉਹਨਾਂ ਦੇ ਮੱਦੇਨਜ਼ਰ ਲੱਗਦਾ ਹੈ ਕਿ ਪੰਜਾਬ ਦੀ ਸਾਰੀ ਟੇਕ ਕੇਂਦਰ ਉੱਪਰ ਹੀ ਹੈ। ਭਾਵੇਂ ਕਿ ਕੇਂਦਰ ਵੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਰਾਹਤ ਪੈਕੇਜ ਦੇ ਕੇ ਕੋਈ ਖ਼ੈਰਾਤ ਨਹੀਂ ਦੇਵੇਗਾ ਸਗੋਂ ਇਹ ਲੋਕਾਂ ਦੇ ਮੁਸ਼ਕਿਲ ਦੀ ਘੜੀ ਵਿੱਚ ਇੱਕ ਸਹਾਇਤਾ ਰਾਸ਼ੀ ਹੀ ਹੋਵੇਗੀ ਪ੍ਰੰਤੂ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਕੋਲ ਸਹਾਇਤਾ ਰਾਸ਼ੀ ਦੇ ਤੌਰ ‘ਤੇ ਹਰ ਪੀੜਤਾਂ ਨੂੰ ਦੇਣ ਲਈ ਕੁਝ ਵੀ ਨਹੀਂ ਹੈ। ਅਜਿਹੇ ਹਾਲਾਤਾਂ ‘ਚ ਆਉਣ ਵਾਲੇ ਦਿਨਾਂ ‘ਚ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ।










