ਬਰਨਾਲਾ, 20 ਸਤੰਬਰ, Gee98 news service –
-ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨੀ ਮਹਿੰਗੀ ਪੈ ਗਈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਪੰਜਾਬ ਲਈ 16 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੰਗਰੂਰ ਦੀ ਡਿਪਟੀ ਕਮਿਸ਼ਨਰ ਦੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ 16 ਕਰੋੜ ਦੀ ਰਾਹਤ ਰਾਸ਼ੀ ਨੂੰ ਪੰਜਾਬ ਲਈ ਮਜ਼ਾਕ ਦੱਸਿਆ ਗਿਆ ਸੀ। ਭਾਵੇਂ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਸਫ਼ਾਈ ਦਿੱਤੀ ਸੀ ਕਿ ਇਹ ਪੋਸਟ ਜ਼ਿਲ੍ਹੇ ਦੇ ਪੀਆਰਓ ਦੇ ਅਕਾਊਂਟ ਤੋਂ ਪਈ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਅਕਾਊਂਟ ਉੱਪਰ ਵੀ ਪੋਸਟ ਹੋ ਗਈ ਜਿਸ ਵਿੱਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੀਆਂ ਤਸਵੀਰਾਂ ਵੀ ਸਨ।
ਇਸ ਮਾਮਲੇ ਨੇ ਤੂਲ ਫੜਿਆ ਅਤੇ ਭਾਜਪਾ ਆਗੂਆਂ ਨੇ ਇਸਦੀ ਸ਼ਿਕਾਇਤ ਸਿੱਧੇ PMO ਨੂੰ ਕਰ ਦਿੱਤੀ, ਜਿਸ ਤੋਂ ਬਾਅਦ ਪੋਸਟ ਨੂੰ ਹਟਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਨਤਕ ਤੌਰ ‘ਤੇ ਮਾਫ਼ੀ ਵੀ ਮੰਗੀ ਸੀ ਪ੍ਰੰਤੂ ਇਹ ਮਾਮਲਾ ਡਿਪਟੀ ਕਮਿਸ਼ਨਰ ਦੀ ਮਾਫ਼ੀ ਨਾਲ ਖ਼ਤਮ ਨਹੀਂ ਹੋਇਆ ਸਗੋਂ ਹੁਣ ਪ੍ਰਧਾਨ ਮੰਤਰੀ ਦਫ਼ਤਰ (PMO) ਅਤੇ ਪਰਸੋਨਲ ਤੇ ਸਿਖਲਾਈ ਵਿਭਾਗ (DoPT) ਨੇ ਉਨ੍ਹਾਂ ਵੱਲੋਂ ਕੇਂਦਰ ਦੀ ਹੜ੍ਹ ਰਾਹਤ ਰਾਸ਼ੀ ‘ਤੇ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ। ਸੂਤਰਾਂ ਅਨੁਸਾਰ PMO ਨੇ ਪੰਜਾਬ ਸਰਕਾਰ ਨੂੰ DC ਰਾਹੁਲ ਚਾਬਾ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ DC ਚਾਬਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।
ਫੋਟੋ ਕੈਪਸ਼ਨ- DC ਵੱਲੋਂ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਗਈ ਪੋਸਟ










