Gee 98News

ਕੀ ਰੰਗ ਲਿਆਵੇਗੀ ਸੁਖਬੀਰ ਬਾਦਲ ਤੇ ਰਾਜੇਵਾਲ ਦੀ ਬੰਦ ਕਮਰੇ ‘ਚ ਹੋਈ ਮੁਲਾਕਾਤ

ਚੰਡੀਗੜ੍ਹ,3 ਅਕਤੂਬਰ, Gee98 News service-

-ਪੰਜਾਬ ਦੀ ਰਾਜਨੀਤੀ ‘ਚ ਅੱਜ ਅਚਾਨਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਚਾਨਕ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਘਰ ਪੁੱਜੇ। ‌ ਜਿੱਥੇ ਬੰਦ ਕਮਰੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਲਵੀਰ ਸਿੰਘ ਰਾਜੇਵਾਲ ਦੀ ਮੀਟਿੰਗ ਹੋਈ ਇਸ ਦੌਰਾਨ ਸਾਬਕਾ ਮੰਤਰੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੀ ਹਾਜ਼ਰ ਰਹੇ। ‌ ਪੰਜਾਬ ਦੇ ਵੱਡੇ ਸਿਆਸੀ ਆਗੂ ਅਤੇ ਵੱਡੇ ਕਿਸਾਨ ਨੇਤਾ ਦੀ ਇਸ ਮੁਲਾਕਾਤ ਦੇ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਕਸਰ ਆਪਣੇ ਭਾਸ਼ਣਾਂ ਵਿੱਚ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪੰਜਾਬ ਦੀ ਮੌਜੂਦਾ ਆਪ ਸਰਕਾਰ ਤੋਂ ਨਾਰਾਜ਼ ਹਨ। ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਧਰਨਿਆਂ ‘ਤੇ ਕੀਤੀਆਂ ਟਿੱਪਣੀਆਂ ਅਤੇ ਪੰਜਾਬ ਪੁਲਿਸ ਵੱਲੋਂ ਸ਼ੰਭੂ ਬਾਰਡਰ ‘ਤੇ ਲਗਾਏ ਕਿਸਾਨਾਂ ਦੇ ਧਰਨੇ ਨੂੰ ਜਬਰਦਸਤੀ ਹਟਾਉਣ ਦੀ ਕਾਰਵਾਈ ਤੋਂ ਵੀ ਨਾਰਾਜ਼ ਹਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਆਏ ਸਨ। ਉਹਨਾਂ ਕਿਹਾ ਕਿ ਰਾਜੇਵਾਲ ਦੇ ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਚੰਗੇ ਸੰਬੰਧ ਸਨ, ਜਦੋਂ ਵੀ ਕਦੇ ਪੰਜਾਬ ਜਾਂ ਖੇਤੀਬਾੜੀ ਸਬੰਧੀ ਕੋਈ ਰਾਇ ਲੈਣੀ ਹੁੰਦੀ ਸੀ ਤਾਂ ਸਰਦਾਰ ਬਾਦਲ ਉਹਨਾਂ ਨਾਲ ਗੱਲਬਾਤ ਕਰਦੇ ਸਨ।

                                ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਅੱਜ ਦੀ ਮੁਲਾਕਾਤ ਦੌਰਾਨ ਖੇਤੀਬਾੜੀ ਦੇ ਕਿੱਤੇ ਸਬੰਧੀ ਵੀ ਚਰਚਾ ਕੀਤੀ ਹੈ ਕਿ ਕਿਵੇਂ ਪੰਜਾਬ ਦੀ ਖੇਤੀਬਾੜੀ ਨੂੰ ਮੁਨਾਫ਼ੇ ਯੋਗ ਧੰਦਾ ਬਣਾਇਆ ਜਾ ਸਕਦਾ ਹੈ ਅਤੇ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਖੇਤੀਬਾੜੀ ਦੀ ਜਾਣਕਾਰੀ ਦਾ ਖਜ਼ਾਨਾ ਹੈ ਅਤੇ ਉਹ ਇਹਨਾਂ ਤੋਂ ਕੁਝ ਸਿੱਖਣ ਲਈ ਆਏ ਸਨ। ਸੁਖਬੀਰ ਬਾਦਲ ਨੇ ਇਹ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ ਜਦਕਿ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਨਿੱਜੀ ਮੁਲਾਕਾਤ ਸੀ ਇਸ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਟੁੱਟਣ ਅਤੇ ਇੱਕ ਵੱਖਰਾ ਅਕਾਲੀ ਦਲ ਬਣਨ ‘ਤੇ ਚਰਚਾ ਹੋਈ ਅਤੇ ਉਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਰਾਏ ਦਿੱਤੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਦੋਵੇਂ ਪਾਰਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ‌ ਦੱਸ ਦੇਈਏ ਕਿ ਬਲਬੀਰ ਸਿੰਘ ਰਾਜੇਵਾਲੇ ਵੱਡੇ ਕਿਸਾਨ ਆਗੂ ਹਨ ਉਹਨਾਂ ਨੇ 2022 ਵਿੱਚ ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ, ਇਸ ਤੋਂ ਬਾਅਦ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਬਣਾ ਕੇ 2022 ਦੀਆਂ ਵਿਧਾਨ ਸਭਾ ‘ਚ 117 ਸੀਟਾਂ ‘ਤੇ ਚੋਣ ਵੀ ਲੜੀ ਅਤੇ ਉਸ ਵੇਲੇ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਬਲਵੀਰ ਸਿੰਘ ਰਾਜੇਵਾਲ ਹੀ ਸਨ, ਭਾਵੇਂ ਕਿ ਬਲਵੀਰ ਸਿੰਘ ਰਾਜੇਵਾਲ ਦੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਪ੍ਰੰਤੂ ਕਿਸਾਨੀ ਦੇ ਨਾਲ ਨਾਲ ਬਲਵੀਰ ਸਿੰਘ ਰਾਜੇਵਾਲ ਨੂੰ ਰਾਜਨੀਤੀ ਦਾ ਵੀ ਚੰਗਾ ਗਿਆਤਾ ਮੰਨਿਆ ਜਾਂਦਾ ਹੈ। ਬਹਰਹਾਲ ! ਸੁਖਬੀਰ ਸਿੰਘ ਬਾਦਲ ਅਤੇ ਬਲਵੀਰ ਸਿੰਘ ਰਾਜੇਵਾਲ ਦੀ ਇਸ ਮੁਲਾਕਾਤ ‘ਤੇ ਆਉਣ ਵਾਲੇ ਸਮੇਂ ‘ਚ ਚਰਚਾ ਹੋਣੀ ਸੁਭਾਵਿਕ ਹੈ।

Gee98 Ads
error: Content is protected !!