ਬਰਨਾਲਾ, 7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ ਮੁੱਖ ਅਧਿਆਪਕ ਸੁਖਬੀਰ ਸਿੰਘ ਦਾ ਸਟੇਟ ਐਵਾਰਡ ਹਾਸਲ ਕਰਕੇ ਵਾਪਸ ਪਹੁੰਚਣ ’ਤੇ ਸਕੂਲ ਸਟਾਫ਼, ਪੰਚਾਇਤ, ਪ੍ਰਬੰਧਕ ਕਮੇਟੀ ਤੇ ਵਿਦਿਆਰਥੀ ਮਾਪਿਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸੁਆਗਤ ਵਜੋਂ ਢੋਲ ਦੇ ਡੱਗੇ ’ਤੇ ਫੁੱਲਾਂ ਦੀ ਵਰਖਾ ਕਰਕੇ ਸੁਖਬੀਰ ਸਿੰਘ ਇੰਸਾਂ ਨੂੰ ਵਿਦਿਆਰਥੀਆਂ ਨੇ ਜੀ ਆਇਆਂ ਨੂੰ ਕਿਹਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਥੋਂ ਅਧਿਆਪਕ ਰਾਜ ਪੁਰਸਕਾਰ ਪ੍ਰਾਪਤ ਕਰਕੇ ਸੁਖਬੀਰ ਸਿੰਘ ਦੇ ਸੁਆਗਤ ਸਮੇਂ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸੰਘੇੜਾ ਵਰਿੰਦਰ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਸੁਖਬੀਰ ਸਿੰਘ ਨੂੰ ਰਾਜ ਪੁਰਸਕਾਰ ਮਿਲਣਾ, ਇਨਾਂ ਦੀ ਮਿਹਨਤ ਤੇ ਸਕੂਲ ਤੇ ਵਿਦਿਆਰਥੀਆਂ ਪ੍ਰਤੀ ਲਗਨ ਦਾ ਨਤੀਜਾ ਹੈ। ਕਿਉਂਕਿ ਇਨਾਂ ਦੀ ਮਿਹਨਤ ਸਦਕਾ ਹੀ ਅੱਜ ਸਕੂਲ ਦਾ ਨਾਂਅ ਪੂਰੇ ਪੰਜਾਬ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ।
ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਅਤੇ ਵਾਇਸ ਚੇਅਰਮੈਨ ਚਮਕੌਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ਸੁਖਬੀਰ ਸਿੰਘ ਦੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਖੰਡਰ ਹਾਲਤ ਵਿੱਚ ਹੋਣ ਕਾਰਨ ਕਿਸੇ ਵੀ ਵੇਲੇ ਕਿਸੇ ਹਾਦਸੇ ਦਾ ਸਬੱਬ ਬਣ ਸਕਦੀ ਸੀ ਪਰ ਆਪਣੇ ਦ੍ਰਿੜ ਇਰਾਦੇ ਨਾਲ ਸੁਖਬੀਰ ਸਿੰਘ ਨੇ ਪਿਛਲੇ ਪੰਜ ਸਾਲਾਂ ਵਿੱਚ ਸਕੂਲ ਦੀ ਖੰਡਰ ਇਮਾਰਤ ਨੂੰ ਇੱਕ ਸ਼ਾਨਦਾਰ ਬਿਲਡਿੰਗ ਵਿੱਚ ਤਬਦੀਲ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸੁਖਬੀਰ ਸਿੰਘ ਦੀ ਬਦੌਲਤ ਸਾਰੇ ਸਕੂਲ ਦੇ ਕਮਰੇ “ਸਮਾਰਟ ਰੂਮ” ਬਣ ਚੁੱਕੇ ਹਨ ਜੋ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ। ਇਸ ਮੌਕੇ ਆਪਣੇ ਨਿੱਘੇ ਉਨਾਂ ਦੇ ਇਸ ਸਟੇਟ ਐਵਾਰਡ ਲਈ ਸਕੂਲ ਦਾ ਸਟਾਫ਼, ਸਕੂਲ ਪ੍ਰਬੰਧਕ ਕਮੇਟੀ ਤੇ ਬੱਚਿਆਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਉਨ੍ਹਾਂ ਨੂੰ ਸਕੂਲ ਤੇ ਬੱਚਿਆਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕਾਰਜਾਂ ’ਚ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਗਮਦੂਰ ਸਿੰਘ, ਭੋਲਾ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵਿਦਿਆਰਥੀ, ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਫੋਟੋ ਕੈਪਸ਼ਨ – ਪਿੰਡ ਸੰਘੇੜਾ ਵਿਖੇ ਪਹੁੰਚਣ ’ਤੇ ਸਟੇਟ ਐਵਾਰਡੀ ਸੁਖਬੀਰ ਸਿੰਘ ਦੇ ਸਵਾਗਤ ਸਮੇਂ ਦੀ ਤਸਵੀਰ










