ਚੰਡੀਗੜ੍ਹ, 7 ਅਕਤੂਬਰ, Gee98 News service-
-ਪੰਜਾਬ ਸਰਕਾਰ ਨੇ ਖੰਘ ਦੀ ਇੱਕ ਪੀਣ ਵਾਲੀ ਦਵਾਈ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਖੰਘ ਦੀ ਪੀਣ ਵਾਲੀ ਦਵਾਈ ਕੋਲਡਰਿਫ (COLDRIF) ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਹੁਣ ਇਸ ਨੂੰ ਕੋਈ ਵੇਚ/ਖਰੀਦ ਅਤੇ ਵਰਤ ਨਹੀਂ ਸਕੇਗਾ। ਦੱਸ ਦੇਈਏ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਵਿੱਚ ਇਸ ਦਵਾਈ ਦੇ ਕਾਰਨ10 ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਮੱਧ ਪ੍ਰਦੇਸ਼ ਵਿੱਚ ਉਕਤ ਘਟਨਾ ਵਾਪਰਨ ਤੋਂ ਬਾਅਦ ਜਦ ਸਬੰਧਤ ਵਿਭਾਗ ਨੇ ਇੱਕ ਪ੍ਰਯੋਗਸ਼ਾਲਾ ਵਿੱਚ ਇਸ ਦਵਾਈ ਦੀ ਪੜ੍ਹਤਾਲ ਕੀਤੀ ਤਾਂ 4 ਅਕਤੂਬਰ 2025 ਨੂੰ ਵਿਭਾਗ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਅਨੁਸਾਰ ਕੋਲਡਰਿਫ ਨਾਮ ਦੀ ਇਹ ਦਵਾਈ ਚੰਗੀ ਗੁਣਵੱਤਾ ਵਾਲੀ ਨਹੀਂ ਹੈ। ਇਸ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੂਬੇ ‘ਚ ਸਾਰੇ ਮੈਡੀਕਲ ਸਟੋਰਾਂ ਅਤੇ ਛੋਟੇ ਵੱਡੇ ਸਿਹਤ ਕੇਂਦਰਾਂ ‘ਤੇ ਇਸ ਦਵਾਈ ਦੀ ਵਰਤੋਂ ‘ਤੇ ਮੁਕੰਮਲ ਪਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਜਿਹੀ ਸੂਚਨਾ ਮਿਲਦੀ ਹੈ ਕਿ ਕਿਧਰੇ ਕੋਲਡਰਿਫ ਦਵਾਈ ਵੇਚੀ ਜਾਂ ਵਰਤੀ ਜਾ ਰਹੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ।










