ਚੰਡੀਗੜ੍ਹ ,10 ਨਵੰਬਰ , Gee98 news service
-ਪੰਜਾਬ ਸਰਕਾਰ ਨੇ ਬਿਜਲੀ ਦਾ ਨਵਾਂ ਕਨੈਕਸ਼ਨ ਲੈਣ ਵਾਲੇ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਇਸ ਰਾਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਜਿਨ੍ਹਾਂ ਲੋਕਾਂ ਨੇ ਬਿਜਲੀ ਦਾ ਨਵਾਂ ਕਨੈਕਸ਼ਨ ਲੈਣਾ ਹੈ, ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ 50 ਕਿਲੋਵਾਟ ਤੱਕ ਦੇ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਲੈਣ ਲਈ ਕੋਈ ਟੈਸਟ ਰਿਪੋਰਟ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਬਿਜਲੀ ਮੰਤਰੀ ਨੇ ਇਹ ਵੀ ਦੱਸਿਆ ਕਿ 50 ਤੋਂ 100 ਕਿਲੋਵਾਟ ਤੱਕ ਦੇ ਕੁਨੈਕਸ਼ਨ ਲੈਣ ਵਾਲਿਆਂ ਨੂੰ ਭਾਵੇਂ ਟੈਸਟ ਰਿਪੋਰਟ ਦੇਣੀ ਪਵੇਗੀ, ਪਰ ਉਸਨੂੰ PSPCL ਵੱਲੋਂ ਵੈਰੀਫਾਈ ਨਹੀਂ ਕੀਤਾ ਜਾਵੇਗਾ। ਮੰਤਰੀ ਸੰਜੀਵ ਅਰੋੜਾ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਅਤੇ ਪ੍ਰਮਾਣਿਤ ਠੇਕੇਦਾਰਾਂ ਤੋਂ ਕੰਮ ਕਰਵਾਉਣ, ਤਾਂ ਜੋ ਸੁਰੱਖਿਆ ਬਣੀ ਰਹੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ 70-75 ਫੀਸਦੀ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਲੋਡ ਵਧਾਉਣ ਜਾਂ ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰਾਂ ਨੂੰ ਟੈਸਟ ਰਿਪੋਰਟ ਅਤੇ ਕਈ ਦਸਤਾਵੇਜ਼ਾਂ ਦੀ ਝੰਜਟ ਵਿੱਚੋਂ ਗੁਜ਼ਰਨਾ ਪੈਂਦਾ ਸੀ। ਬਿਜਲੀ ਮੰਤਰੀ ਨੇ ਦਾਅਵਾ ਕੀਤਾ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 100 ਕਿਲੋਵਾਟ ਤੋਂ ਉੱਪਰ ਦੇ ਕੁਨੈਕਸ਼ਨ ਲਈ ਸਿਰਫ਼ ਮੁੱਖ ਬਿਜਲੀ ਇੰਸਪੈਕਟਰ ਦੀ ਜਾਂਚ ਜ਼ਰੂਰੀ ਹੋਵੇਗੀ।










