ਚੰਡੀਗੜ੍ਹ ,1 ਜਨਵਰੀ , Gee98 News service
-ਪੰਜਾਬ ਪੁਲਿਸ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ, ਪ੍ਰਸਿੱਧ ਆਰਟੀਆਈ ਐਕਟੀਵਿਸਟ ਮਾਣਕ ਗੋਇਲ, ਲੋਕ ਆਵਾਜ਼ ਟੀਵੀ ਦੇ ਸੰਚਾਲਕਾਂ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਕਈ ਹੋਰ ਵਿਅਕਤੀਆਂ ਦੇ ਖ਼ਿਲਾਫ਼ FIR ਦਰਜ ਕੀਤੀ ਹੈ। ਇਹ ਕਾਰਵਾਈ ਪੰਜਾਬ ਦੇ ਲੁਧਿਆਣਾ ‘ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਬੰਧੀ ਗੁਮਰਾਹਕੁੰਨ ਅਤੇ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਲੁਧਿਆਣਾ ਦੇ ਸਾਈਬਰ ਕ੍ਰਾਈਮ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ BNS 2023 ਦੀਆਂ ਵੱਖ-ਵੱਖ ਧਾਰਾਵਾਂ 353 (1) ਤੇ 353 (2) ਅਤੇ 61(2) ਦੇ ਤਹਿਤ FIR 12 ਦਸੰਬਰ ਨੂੰ ਦਰਜ ਕੀਤੀ ਗਈ ਸੀ, ਪ੍ਰੰਤੂ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ। ਇਸ FIR ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ, ਗਗਨ ਰਾਮਗੜੀਆ, ਹਰਮਨ ਫਾਰਮਰ, ਮਨਦੀਪ ਕੱਕੜ, ਗੁਰਲਾਲ ਐਸ ਮਾਨ, ਸਨਾਮੂ ਧਾਲੀਵਾਲ, ਪ੍ਰਸਿੱਧ RTI ਐਕਟੀਵਿਸਟ ਮਾਣਿਕ ਗੋਇਲ, ਅਰਜਨ ਲਾਈਵ, ਦੀਪ ਮੰਗਲੀ ਅਤੇ ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੱਧੂ ਦੇ ਨਾਮ ਦਰਜ ਹਨ। FIR ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਕਤ ਵਿਅਕਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਪਾਨ ਤੇ ਦੱਖਣੀ ਕੋਰੀਆ ਦੀ ਅਧਿਕਾਰਤ ਵਿਦੇਸ਼ ਯਾਤਰਾ ਦੌਰਾਨ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਬੰਧੀ ਸੋਸ਼ਲ ਮੀਡੀਆ ‘ਤੇ ਗਲਤ ਤੱਥ ਪੇਸ਼ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਉਡਾਨ ਟਰੈਕਿੰਗ ਡਾਟੇ ਦੀ ਗ਼ਲਤ ਵਿਆਖਿਆ ਕੀਤੀ ਗਈ ਅਤੇ ਲੋਕਾਂ ਲਈ ਗੁਮਰਾਹਕੁੰਨ ਜਾਣਕਾਰੀ ਦਿੱਤੀ ਗਈ। ਇਸ ਐਫਆਈਆਰ ਦੇ ਮੁਤਾਬਿਕ ਪੰਜਾਬ ਦੇ ਹੈਲੀਕਾਪਟਰ ਦੀ ਉਡਾਨ ਸਬੰਧੀ ਗ਼ਲਤ ਜਾਣਕਾਰੀ ਫੈਲਾਉਣ ਦੇ ਮਾਮਲੇ ‘ਚ ਹੋਰ ਵਿਅਕਤੀਆਂ ਦੀ ਪਹਿਚਾਣ ਦਾ ਬਦਲ ਵੀ ਖੁੱਲ੍ਹਾ ਰੱਖਿਆ ਗਿਆ ਹੈ ਜਿਸ ਤੋਂ ਭਾਵ ਹੈ ਕਿ ਐਫਆਈਆਰ ਵਿੱਚ ਹੋਰ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਾਬ ‘ਚ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੀਡੀਆ/ਸੋਸ਼ਲ ਮੀਡੀਆ ‘ਤੇ ਸਰਗਰਮ ਆਵਾਜ਼ਾਂ ਦੇ ਖ਼ਿਲਾਫ਼ ਕੀਤੀ ਇਸ ਕਾਰਵਾਈ ਦੀ ਚਾਰੇ ਪਾਸਿਓਂ ਨਿੰਦਾ ਵੀ ਹੋ ਰਹੀ ਹੈ। ਪੰਜਾਬ ਦੀਆਂ ਜਨਤਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਨੂੰ ਮੀਡੀਆ ਪਲੇਟਫਾਰਮ ‘ਤੇ ਇੱਕ ਵੱਡਾ ਹਮਲਾ ਦੱਸਦੇ ਹੋਏ ਲੋਕਾਂ ਦੇ ਹਿੱਤਾਂ ਤੇ ਹੱਕਾਂ ਦੀ ਖਾਤਰ ਉੱਠਣ ਵਾਲੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਮੰਨਿਆ ਜਾ ਰਿਹਾ ਹੈ।










