ਚੰਡੀਗੜ੍ਹ , 27 ਜਨਵਰੀ, Gee98 news service-
-ਪੰਜਾਬ ‘ਚ ਹਰੇਕ ਪਰਿਵਾਰ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਕੀਮ ਸ਼ੁਰੂ ਕਰਨ ਦੇ ਐਲਾਨਾਂ ਦੇ ਦੌਰਾਨ ਹੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਜਿਸ ਨੇ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਫੂਕ ਕੱਢ ਦਿੱਤੀ। ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ ਵਿੱਚੋਂ ਸਿਰਫ਼ 6 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਐਮਆਰਆਈ ਅਤੇ ਸੀਟੀ ਸਕੈਨ ਦੀ ਸੁਵਿਧਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਖੁਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਿੱਤੀ। ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ 23 ਜ਼ਿਲ੍ਹਾ ਹਸਪਤਾਲਾਂ ਵਿੱਚੋਂ ਸਿਰਫ਼ 6 ਵਿੱਚ MRI ਅਤੇ ਸੀਟੀ ਸਕੈਨ ਮਸ਼ੀਨਾਂ ਹਨ, ਜਦੋਂ ਕਿ ਸੂਬੇ ਦੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਇਹ ਮਸ਼ੀਨਾਂ ਹੋਣੀਆਂ ਚਾਹੀਦੀਆਂ ਹਨ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਆਈਸੀਯੂ ਵੀ ਨਹੀਂ ਹੈ, ਜਦੋਂ ਕਿ ਹਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਸਹੂਲਤਾਂ ਹੋਣੀਆਂ ਜ਼ਰੂਰੀ ਹਨ। ਹਾਈਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਜਾਣਕਾਰੀ ਦੇਣ ਲਈ ਤਲਬ ਕੀਤਾ ਹੈ ਕਿ ਪੰਜਾਬ ਦੇ ਕਿੰਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈਸੀਯੂ ਹਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ MRI ਅਤੇ CT ਸਕੈਨ ਸਹੂਲਤਾਂ ਕਦੋਂ ਉਪਲਬਧ ਹੋਣਗੀਆਂ। ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਦੇ ਮੁੱਦੇ ਬਾਰੇ ਪੰਜਾਬ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ 161 ਮਾਹਰ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਲਈ ਕੈਬਨਿਟ ਦੀ ਪ੍ਰਵਾਨਗੀ ਮੰਗੀ ਜਾ ਰਹੀ ਹੈ। ਹਾਈਕੋਰਟ ਵਿੱਚ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਦਵਾਈਆਂ ਦੀ ਘਾਟ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਹੈ।








