ਚੰਡੀਗੜ੍ਹ,27 ਜਨਵਰੀ, Gee98 News service-
-ਪੰਜਾਬ ‘ਚ ਗੈਂਗਸਟਰਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਹੁਣ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਡ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਨੂੰ ਅੰਮ੍ਰਿਤਸਰ ਤੋਂ ਸ੍ਰੀ ਦਰਬਾਰ ਸਾਹਿਬ ਨੇੜੇ ਇੱਕ ਹੋਟਲ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਇਹ ਗ੍ਰਿਫ਼ਤਾਰੀ ਫਿਰੌਤੀ ਦੇ ਇੱਕ ਮਾਮਲੇ ‘ਚ ਕੀਤੀ ਹੈ ਜਿਸ ਸਬੰਧੀ 3 ਦਸੰਬਰ 2024 ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਗੋਲਡੀ ਬਰਾੜ ਦੇ ਮਾਤਾ ਪਿਤਾ ਕੋਲ ਆਮਦਨ ਦਾ ਕੋਈ ਵਾਧੂ ਸਾਧਨ ਨਹੀਂ ਹੈ ਅਤੇ ਉਹ ਆਪਣਾ ਗੁਜ਼ਾਰਾ ਫਿਰੌਤੀ ਦੀ ਰਕਮ ‘ਤੇ ਹੀ ਕਰ ਰਹੇ ਹਨ। ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫ਼ਤਾਰੀ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ 27 ਨਵੰਬਰ 2024 ਨੂੰ ਇੱਕ ਅਧਿਆਪਕ ਨੂੰ ਵਿਦੇਸ਼ੀ ਮੋਬਾਇਲ ਫੋਨ ਨੰਬਰ ਤੋਂ ਫੋਨ ਕਰਕੇ 50 ਲੱਖ ਫਿਰੌਤੀ ਦੀ ਰਕਮ ਮੰਗੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਸੀ। ਪੀੜ੍ਹਤ ਅਧਿਆਪਕ ਨੂੰ ਇੱਕ ਤੋਂ ਵੱਧ ਵਾਰ ਵਿਦੇਸ਼ੀ ਨੰਬਰ ਤੋਂ ਫੋਨ ਕੀਤਾ ਗਿਆ ਅਤੇ 50 ਲੱਖ ਦੇਣ ਦੀ ਮੰਗ ਕੀਤੀ ਗਈ। ਅਧਿਆਪਕ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਿਖੇ ਥਾਣੇ ‘ਚ ਪੁੱਜ ਕੇ ਇਸ ਸਬੰਧੀ ਸੂਚਨਾ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਅਧਿਆਪਕ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਸੀ। ਹੁਣ ਇਸੇ ਮੁਕੱਦਮੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗੋਲਡੀ ਬਰਾੜ ਦੇ ਮਾਤਾ ਅਤੇ ਪਿਤਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਾ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਦਾ ਸੇਵਾ ਮੁਕਤ ASI ਹੈ। ਪੁਲਿਸ ਵੱਲੋਂ ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ “ਗੈਂਗਸਟਰਾਂ ਖ਼ਿਲਾਫ਼ ਯੁੱਧ” ਤਹਿਤ ਇੱਕ ਵੱਡੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ।










